ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੇ ਅੱਜ ਦੇ ਸੈਸ਼ਨ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਯਾਦ ਕਰਨ ਨਾਲ ਹੋਈ। ਸਦਨ ਵਿੱਚ ਸਾਰੇ ਵਿਧਾਇਕਾਂ ਵੱਲੋਂ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ, ਸਾਬਕਾ ਵਿਧਾਇਕ ਰਘੁਬੀਰ ਸਿੰਘ, ਸ਼ਹੀਦ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ, ਸ਼ਹੀਦ ਏਐਲਡੀ ਦਲਜੀਤ ਸਿੰਘ, ਸ਼ਹੀਦ ਲਾਂਸ ਨਾਇਕ ਰਿੰਕੂ ਸਿੰਘ, ਸ਼ਹੀਦ ਲਾਂਸ ਨਾਇਕ ਪ੍ਰਿਤਪਾਲ ਸਿੰਘ, ਸ਼ਹੀਦ ਸਿਪਾਹੀ ਹਰਮਿੰਦਰ ਸਿੰਘ, ਪ੍ਰਸਿੱਧ ਹਾਸਰਸ ਅਦਾਕਾਰ ਜਸਵਿੰਦਰ ਭੱਲਾ ਅਤੇ ਸੰਗੀਤਕਾਰ ਚਰਨਜੀਤ ਸਿੰਘ ਆਹੂਜਾ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ।
ਸਦਨ ਦੀ ਕਾਰਵਾਈ 12 ਵਜੇ ਤੱਕ ਮੁਅੱਤਲ
ਸ਼ਰਧਾਂਜਲੀ ਦੇਣ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਦਨ ਦੀ ਕਾਰਵਾਈ 12 ਵਜੇ ਤੱਕ ਮੁਅੱਤਲ ਕਰਨ ਦਾ ਐਲਾਨ ਕੀਤਾ। ਸੈਸ਼ਨ ਹੁਣ ਦੁਪਹਿਰ 12 ਵਜੇ ਦੁਬਾਰਾ ਸ਼ੁਰੂ ਹੋਵੇਗਾ।
‘ਪ੍ਰਸ਼ਨ ਕਾਲ’ ਬਿਨਾਂ ਹੀ ਚੱਲੇਗਾ ਸੈਸ਼ਨ
ਇਸ ਵਾਰ ਵਿਧਾਨ ਸਭਾ ਸੈਸ਼ਨ ਵਿੱਚ ‘ਪ੍ਰਸ਼ਨ ਕਾਲ’ ਨਹੀਂ ਹੋਵੇਗਾ। ਸੈਸ਼ਨ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਸਪੀਕਰ ਕੋਲ ਲੰਬਿਤ ਉਸਦਾ ਪ੍ਰਾਈਵੇਟ ਮੈਂਬਰ ਬਿੱਲ ਅੱਜ ਹੀ ਪੇਸ਼ ਕਰਨ।
ਖਹਿਰਾ ਨੇ ਕਿਹਾ, “ਮੇਰੀ ਆਖਰੀ ਸਮੇਂ ਦੀ ਅਪੀਲ ਹੈ ਕਿ ਮੁੱਖ ਮੰਤਰੀ ਮਾਨ ਪੰਜਾਬ ਦੀ ਪਛਾਣ, ਭਾਸ਼ਾ, ਸੱਭਿਆਚਾਰ ਅਤੇ ਪੱਗ ਦੀ ਰੱਖਿਆ ਲਈ ਮੇਰਾ ਬਿੱਲ ਅੱਜ ਦੇ ਸੈਸ਼ਨ ਵਿੱਚ ਲਿਆਉਣ। ਨਹੀਂ ਤਾਂ ਪੰਜਾਬ ਦੀ ਜਨਸੰਖਿਆ ਨਾ-ਮਾਤਰ ਰੂਪ ਵਿੱਚ ਬਦਲ ਜਾਵੇਗੀ।”