ਅੰਮ੍ਰਿਤਸਰ :- ਅੰਮ੍ਰਿਤਸਰ ਦੇ ਗਾਂਧੀ ਗਰਾਊਂਡ ਵਿੱਚ ਪਹਿਲੀ ਵਾਰ ਹੋਏ ਪੰਜਾਬ ਸਟੇਟ ਵੂਮੈਨ ਟੀ-20 ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਸ਼ਾਨਦਾਰ ਢੰਗ ਨਾਲ ਸੰਪੰਨ ਹੋਇਆ। ਇਸ ਵਿੱਚ ਪੀਸੀਏ ਗ੍ਰੀਨ ਮਹਿਲਾ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਫਾਈਨਲ ‘ਚ ਜਿੱਤ ਹਾਸਲ ਕੀਤੀ ਅਤੇ ਖਿਤਾਬ ਆਪਣੇ ਨਾਮ ਕੀਤਾ।
ਖਿਡਾਰਣਾਂ ਦਾ ਸਨਮਾਨ
ਮੈਚ ਦੇ ਮੁੱਖ ਮਹਿਮਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਦੀਪਕ ਬਾਲੀ ਰਹੇ। ਉਹਨਾਂ ਨੇ ਜਿੱਤੂ ਟੀਮ ਨੂੰ ਮੈਡਲ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਨੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਨੂੰ ਏਸ਼ੀਆ ਕੱਪ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਕਪਤਾਨ ਮੰਨਤ ਦੀ ਪ੍ਰਤੀਕ੍ਰਿਆ
ਪੀਸੀਏ ਗ੍ਰੀਨ ਦੀ ਕਪਤਾਨ ਮੰਨਤ ਨੇ ਜਿੱਤ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਟੂਰਨਾਮੈਂਟ ਕਾਫੀ ਮੁਸ਼ਕਲ ਸੀ ਪਰ ਟੀਮ ਨੇ ਹੌਸਲੇ ਅਤੇ ਮਿਹਨਤ ਨਾਲ ਇਹ ਮਕਾਮ ਹਾਸਲ ਕੀਤਾ। ਉਹਨਾਂ ਕਿਹਾ ਕਿ ਖੇਡਾਂ ਨਾਲ ਧੀਆਂ ਨੂੰ ਆਤਮ-ਵਿਸ਼ਵਾਸ ਅਤੇ ਸਮਾਜਕ ਤਾਕਤ ਮਿਲਦੀ ਹੈ।
ਧੀਆਂ ਦੀ ਭੂਮਿਕਾ ‘ਤੇ ਜ਼ੋਰ
ਅੰਮ੍ਰਿਤਸਰ ਗੇਮ ਐਸੋਸੀਏਸ਼ਨ ਦੇ ਸਕੱਤਰ ਨਵਜੋਤ ਗਰੋਵਰ ਨੇ ਕਿਹਾ ਕਿ ਧੀਆਂ ਕਿਸੇ ਨਾਲੋਂ ਘੱਟ ਨਹੀਂ। ਮਾਝੇ ਦੀ ਧਰਤੀ ਤੋਂ ਵੀ ਖਿਡਾਰਣਾਂ ਇੰਡੀਆ ਦੀ ਨੁਮਾਇੰਦਗੀ ਕਰਨਗੀਆਂ। ਉਹਨਾਂ ਕਿਹਾ ਕਿ ਖੇਡਾਂ ਦੇ ਪ੍ਰਚਾਰ ਨਾਲ ਨਸ਼ੇ ਵਰਗੀਆਂ ਬੁਰਾਈਆਂ ਤੋਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ।
ਪੀਸੀਏ ਵਾਈਸ ਪ੍ਰਧਾਨ ਦਾ ਬਿਆਨ
ਦੀਪਕ ਬਾਲੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਇਸ ਪੱਧਰ ਦਾ ਟੂਰਨਾਮੈਂਟ ਕਰਵਾਉਣਾ ਉਹਨਾਂ ਲਈ ਮਾਣ ਦੀ ਗੱਲ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜੇਕਰ ਅਸੀਂ ਧੀਆਂ ਨੂੰ ਪਿੱਛੇ ਰੱਖਾਂਗੇ ਤਾਂ ਅਸੀਂ ਆਪਣੀ ਅੱਧੀ ਤਾਕਤ ਗੁਆ ਦੇਵਾਂਗੇ। ਇਸ ਲਈ ਧੀਆਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣਾ ਸਮੇਂ ਦੀ ਲੋੜ ਹੈ।
ਟੂਰਨਾਮੈਂਟ ਦੀ ਖਾਸੀਅਤ
ਇਸ ਟੂਰਨਾਮੈਂਟ ਵਿੱਚ ਚਾਰ ਟੀਮਾਂ ਨੇ ਹਿੱਸਾ ਲਿਆ, ਜੋ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਖਿਡਾਰਣਾਂ ਨਾਲ ਬਣਾਈਆਂ ਗਈਆਂ ਸਨ। 10 ਦਿਨ ਤੱਕ ਚੱਲੇ ਇਸ ਮੁਕਾਬਲੇ ਨੇ ਖਿਡਾਰਣਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਦਿੱਤਾ ਅਤੇ ਮਾਪਿਆਂ ਦੇ ਮਨ ਵਿੱਚ ਭਰੋਸਾ ਜਗਾਇਆ ਕਿ ਉਹਨਾਂ ਦੀਆਂ ਧੀਆਂ ਭਵਿੱਖ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰਨਗੀਆਂ।