ਜਲੰਧਰ :- ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਪੁਲਿਸ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲੰਧਰ ਦਿਹਾਤ ਪੁਲਿਸ ਨੇ ਪਰਾਲੀ ਸਾੜਨ ਦੇ ਦੋਸ਼ ਵਿਚ ਇੱਕ ਕਿਸਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸੂਬੇ ਵਿਚ ਪਹਿਲਾ ਮਾਮਲਾ ਹੈ ਜਦੋਂ ਕਿਸੇ ਕਿਸਾਨ ਵਿਰੁੱਧ ਸਿੱਧਾ ਐਫਆਈਆਰ ਦਰਜ ਕੀਤੀ ਗਈ ਹੈ। ਗ੍ਰਿਫਤਾਰ ਕਿਸਾਨ ਦੀ ਪਛਾਣ ਰਾਜ ਕੁਮਾਰ ਨਿਵਾਸੀ ਪਿੰਡ ਕੰਗ ਖੁਰਦ, ਲੋਹੀਆਂ ਵਜੋਂ ਹੋਈ ਹੈ।
ਸ਼ਿਕਾਇਤ ‘ਤੇ ਦਰਜ ਹੋਈ ਐਫਆਈਆਰ, 5 ਹਜ਼ਾਰ ਰੁਪਏ ਜੁਰਮਾਨਾ
ਬੀਡੀਪੀਓ ਦਫਤਰ ਦੇ ਸੁਪਰਿੰਟੇਂਡੈਂਟ ਬੂਟਾ ਮਸੀਹ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ 21 ਸਤੰਬਰ ਦੀ ਰਾਤ ਕਿਸਾਨ ਰਾਜ ਕੁਮਾਰ ਨੇ ਆਪਣੀ 7 ਕਨਾਲ 16 ਮਰਲੇ ਜ਼ਮੀਨ ਵਿਚ ਪਰਾਲੀ ਨੂੰ ਅੱਗ ਲਗਾਈ। ਥਾਣਾ ਲੋਹੀਆਂ ਦੇ ਜਾਂਚ ਅਧਿਕਾਰੀ ਏਐਸਆਈ ਅਵਤਾਰ ਸਿੰਘ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ। ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਉੱਤੇ 5 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਅਤੇ ਉਸ ਦੀ ਜ਼ਮੀਨ ਉੱਤੇ ਰੈਡ ਐਂਟਰੀ ਕਰ ਦਿੱਤੀ ਗਈ ਹੈ।
ਸੁਪਰੀਮ ਕੋਰਟ ਨੇ ਦਿਖਾਇਆ ਸਖ਼ਤ ਰੁਖ਼
ਦੱਸ ਦੇਈਏ ਕਿ ਹਾਲ ਹੀ ਵਿੱਚ ਸੁਪਰੀਮ ਕੋਰਟ ਨੇ ਪਰਾਲੀ ਸਾੜਨ ਦੇ ਮੁੱਦੇ ‘ਤੇ ਸਖ਼ਤ ਹਦਾਇਤਾਂ ਦਿੱਤੀਆਂ ਹਨ। ਹਰ ਸਾਲ ਸਰਦੀਆਂ ਦੀ ਸ਼ੁਰੂਆਤ ਤੋਂ ਪਹਿਲਾਂ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਵਧਦਾ ਹੈ ਜਿਸ ਦਾ ਵੱਡਾ ਕਾਰਨ ਪਰਾਲੀ ਸਾੜਨਾ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸਿਰਫ ਜੁਰਮਾਨੇ ਕਾਫ਼ੀ ਨਹੀਂ, ਜਿਨ੍ਹਾਂ ਕਿਸਾਨਾਂ ਨੇ ਨਿਯਮ ਤੋੜੇ ਹਨ ਉਨ੍ਹਾਂ ਨੂੰ ਜੇਲ੍ਹ ਭੇਜਣਾ ਲਾਜ਼ਮੀ ਹੈ ਤਾਂ ਜੋ ਹੋਰਾਂ ਲਈ ਵੀ ਸਬਕ ਬਣੇ। ਕੋਰਟ ਨੇ ਸੂਬਾ ਸਰਕਾਰਾਂ ਨੂੰ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਦੇਣ ਦੇ ਨਿਰਦੇਸ਼ ਵੀ ਦਿੱਤੇ ਹਨ।