ਚੰਡੀਗੜ੍ਹ :- ਪੰਜਾਬ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਠ ਹੈ, ਜਿੱਥੇ ਸੈਂਕੜੇ ਪਿੰਡ ਡੁੱਬੇ ਹੋਏ ਹਨ ਅਤੇ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਹੁਣ ਭਾਰਤੀ ਮੌਸਮ ਵਿਭਾਗ (IMD) ਵੱਲੋਂ 30 ਅਤੇ 31 ਅਗਸਤ ਨੂੰ ਸੂਬੇ ਦੇ ਕਈ ਹਿੱਸਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਨਾਲ ਮੌਜੂਦਾ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ
ਡੈਮਾਂ ਦਾ ਪਾਣੀ ਅਤੇ ਲਗਾਤਾਰ ਮੀਂਹ ਵਧਾ ਰਹੇ ਹਨ ਚੁਣੌਤੀ
ਪੌਂਗ ਅਤੇ ਭਾਖੜਾ ਸਮੇਤ ਵੱਡੇ ਡੈਮਾਂ ਤੋਂ ਪਾਣੀ ਛੱਡਣ ਕਾਰਨ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਹਨ। ਹਜ਼ਾਰਾਂ ਏਕੜ ਖੇਤਾਂ ਵਿੱਚ ਫਸਲਾਂ ਤਬਾਹ ਹੋ ਚੁੱਕੀਆਂ ਹਨ, ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ ਅਤੇ ਬਚਾਅ ਕਾਰਜ NDRF ਤੇ SDRF ਟੀਮਾਂ ਵੱਲੋਂ ਜਾਰੀ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਨਵੀਂ ਬਾਰਿਸ਼ ਨਦੀਆਂ ਦੇ ਪਾਣੀ ਦੇ ਪੱਧਰ ਨੂੰ ਹੋਰ ਵਧਾ ਸਕਦੀ ਹੈ ਅਤੇ ਮਿੱਟੀ ਪਹਿਲਾਂ ਹੀ ਪਾਣੀ ਨਾਲ ਭਰੀ ਹੋਣ ਕਾਰਨ ਜਲ-ਭਰਨ ਦਾ ਖ਼ਤਰਾ ਵਧੇਗਾ।
ਸਰਕਾਰ ਵੱਲੋਂ ਸਕੂਲ ਬੰਦ, ਹਾਈ ਅਲਰਟ ਜਾਰੀ
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਸਰਕਾਰੀ ਵਿਭਾਗਾਂ ਨੂੰ ਹਾਈ ਅਲਰਟ ‘ਤੇ ਰਹਿਣ ਦੇ ਹੁਕਮ ਦਿੱਤੇ ਹਨ। ਸਾਵਧਾਨੀ ਵਜੋਂ 30 ਅਗਸਤ ਤੱਕ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਦਰਿਆਵਾਂ ਅਤੇ ਨਾਲਿਆਂ ਦੇ ਨੇੜੇ ਨਾ ਜਾਣ ਅਤੇ ਆਉਣ ਵਾਲੇ 48 ਘੰਟਿਆਂ ਵਿੱਚ ਪੂਰੀ ਸਾਵਧਾਨੀ ਵਰਤਣ।