ਚੰਡੀਗੜ੍ਹ :- ਪੰਜਾਬ ਇਸ ਵੇਲੇ ਭਿਆਨਕ ਹੜ੍ਹਾਂ ਦੀ ਚਪੇਟ ਵਿੱਚ ਹੈ। ਹੜ੍ਹਾਂ ਕਰਕੇ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਘਿਰ ਚੁੱਕੀ ਹੈ। ਇਸ ਸੰਕਟਮਈ ਹਾਲਾਤ ਵਿਚ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਰਾਹਤ ਫੰਡ ਲਈ ਪੰਜਾਬੀਆਂ ਨੂੰ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਸਰਕਾਰ ਵੱਲੋਂ ਇੱਕ ਕਿਊ ਆਰ ਕੋਡ ਵੀ ਜਾਰੀ ਕੀਤਾ ਗਿਆ ਹੈ, ਜਿਸਨੂੰ ਸਕੈਨ ਕਰਕੇ ਲੋਕ ਹੜ੍ਹ ਪੀੜਤਾਂ ਲਈ ਆਰਥਿਕ ਸਹਾਇਤਾ ਭੇਜ ਸਕਦੇ ਹਨ।
ਮੁੱਖ ਮੰਤਰੀ ਅਤੇ ਕੈਬਨਿਟ ਵੱਲੋਂ ਇੱਕ ਮਹੀਨੇ ਦੀ ਤਨਖਾਹ ਦਾਨ
ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਕੈਬਨਿਟ ਸਣੇ ਸਾਰੇ ਵਿਧਾਇਕਾਂ ਦੇ ਨਾਲ ਮਿਲ ਕੇ ਇੱਕ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਲਈ ਦਾਨ ਕਰਨਗੇ। ਇਸ ਦੇ ਨਾਲ ਹੀ ਬਹੁਤ ਸਾਰੇ ਪੰਜਾਬੀ ਕਲਾਕਾਰਾਂ, ਸਿੱਖ ਜਥੇਬੰਦੀਆਂ, NGOs ਅਤੇ ਹੋਰਨਾਂ ਵੱਲੋਂ ਵੀ ਮਦਦ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਆਪਣੇ ਪੱਧਰ ‘ਤੇ ਰਾਹਤ ਕਾਰਜ ਕਰ ਰਹੀ ਹੈ ਪਰ ਇਸ ਸਾਲ ਆਏ ਹੜ੍ਹਾਂ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਈ ਹੈ, ਜਿਸ ਲਈ ਸਮੂਹ ਪੰਜਾਬੀਆਂ ਨੂੰ ਇਕਜੁੱਟ ਹੋ ਕੇ ਸਹਾਇਤਾ ਲਈ ਅੱਗੇ ਆਉਣ ਦੀ ਲੋੜ ਹੈ।
12 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ, 29 ਦੀ ਮੌਤ, 3 ਲਾਪਤਾ
ਸਰਕਾਰੀ ਅੰਕੜਿਆਂ ਮੁਤਾਬਕ ਪੰਜਾਬ ਦੇ 12 ਜ਼ਿਲ੍ਹੇ ਹੜ੍ਹਾਂ ਨਾਲ ਪ੍ਰਭਾਵਿਤ ਹਨ, ਜਿਵੇਂ ਕਿ ਅੰਮ੍ਰਿਤਸਰ, ਗੁਰਦਾਸਪੁਰ, ਮੋਗਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਮੋਹਾਲੀ, ਕਪੂਰਥਲਾ, ਜਲੰਧਰ ਅਤੇ ਲੁਧਿਆਣਾ। ਹੁਣ ਤੱਕ 1,312 ਪਿੰਡ ਪ੍ਰਭਾਵਿਤ ਹੋਏ ਹਨ ਅਤੇ 2,56,107 ਲੋਕਾਂ ਨੂੰ ਸਿੱਧਾ ਨੁਕਸਾਨ ਪਹੁੰਚਿਆ ਹੈ। ਸਰਕਾਰੀ ਰਿਪੋਰਟ ਮੁਤਾਬਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3 ਵਿਅਕਤੀ ਲਾਪਤਾ ਹਨ। ਜਲੰਧਰ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਮੀਂਹ ਲਈ ਆਰੇਂਜ ਅਲਰਟ ਅੱਜ ਵੀ ਲਾਗੂ ਹੈ।