ਚੰਡੀਗੜ :- ਪੰਜਾਬ ਸਰਕਾਰ ਨੇ ਸਨਅਤਕਾਰਾਂ ਲਈ ਨਵੀਂ ਪ੍ਰਦੂਸ਼ਣ ਕੰਟਰੋਲ ਨੀਤੀ ਲਾਗੂ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨੀਤੀ ਉਦਯੋਗਿਕ ਖੇਤਰ ਲਈ ਇਤਿਹਾਸਕ ਕਦਮ ਹੈ। ਪਹਿਲਾਂ ਉਦਯੋਗਪਤੀਆਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਮਨਜ਼ੂਰੀ ਲਈ ਕਿੱਥੇ ਜਾਣਾ ਹੈ ਅਤੇ ਇਸ ਕਾਰਨ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਸਨ। ਨਵੀਂ ਨੀਤੀ ਨਾਲ ਇਹ ਸਮੱਸਿਆ ਹੱਲ ਹੋਵੇਗੀ।
ਸੀਨੀਅਰ ਅਧਿਕਾਰੀਆਂ ਦੀ ਤੈਨਾਤੀ ਨਾਲ ਕਾਰੋਬਾਰੀਆਂ ਨੂੰ ਮਿਲੇਗੀ ਸਹੂਲਤ
ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਪ੍ਰਦੂਸ਼ਣ ਬੋਰਡ ਨਾਲ ਸੰਬੰਧਿਤ ਮਾਮਲਿਆਂ ਲਈ ਸੀਨੀਅਰ ਅਧਿਕਾਰੀਆਂ ਦੀ ਤੈਨਾਤੀ ਕੀਤੀ ਜਾਵੇਗੀ। ਇਸ ਨਾਲ ਉਦਯੋਗਪਤੀਆਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਬੇਹੱਦ ਸੌਖਾ ਮਾਹੌਲ ਮਿਲੇਗਾ। ਮਾਨ ਨੇ ਕਿਹਾ ਕਿ ਸਰਕਾਰ ਦਾ ਕੰਮ ਉਦਯੋਗੀਆਂ ਨੂੰ ਤੰਗ ਕਰਨਾ ਨਹੀਂ, ਸਗੋਂ ਲੋਕਾਂ ਦਾ ਜੀਵਨ ਪੱਧਰ ਸੁਧਾਰਨਾ ਹੈ।
ਪੰਜਾਬ ਵਿੱਚ ਉਦਯੋਗ ਨੂੰ ਵਧਾਊਣ ਲਈ ਸਰਕਾਰ ਵਲੋਂ ਵੱਡਾ ਭਰੋਸਾ
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਕਾਰੋਬਾਰੀਆਂ ਲਈ ਰੁਕਾਵਟਾਂ ਪੈਦਾ ਕਰਦੀਆਂ ਸਨ, ਜਿਸ ਕਾਰਨ ਕਈ ਉਦਯੋਗਪਤੀ ਪੰਜਾਬ ਛੱਡ ਕੇ ਹੋਰ ਰਾਜਾਂ ਵਿੱਚ ਇੰਡਸਟਰੀ ਲਗਾਉਂਦੇ ਸਨ। ਪਰ ਹੁਣ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਪੰਜਾਬ ਵਿੱਚ ਖੇਤੀ ਦੇ ਨਾਲ-ਨਾਲ ਉਦਯੋਗਿਕ ਵਿਕਾਸ ਵੀ ਹੋਵੇ। ਮਾਨ ਨੇ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਹਰ ਘਰ ਖੁਸ਼ਹਾਲ ਹੋਵੇ। ਇਹ ਧਰਤੀ ਇੰਨੀ ਬਰਕਤ ਵਾਲੀ ਹੈ ਕਿ ਇੱਥੇ ਆ ਕੇ ਕੋਈ ਭੁੱਖਾ ਨਹੀਂ ਰਹਿੰਦਾ।”