ਚੰਡੀਗੜ੍ਹ :- ਪੰਜਾਬ ਸਰਕਾਰ ਨੇ ਪਿੰਡਾਂ ਨੂੰ ਜੋੜਨ ਵਾਲੀਆਂ 19,000 ਕਿਲੋਮੀਟਰ ਲਿੰਕ ਸੜਕਾਂ ਨੂੰ ਸੁਧਾਰਨ ਲਈ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਅੱਜ ਤਰਨਤਾਰਨ ਵਿੱਚ ਇਸ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਸਰਕਾਰ ਇਸ ਯੋਜਨਾ ਦੀ ਨੋਡਲ ਏਜੰਸੀ ਵਜੋਂ ਕੰਮ ਕਰੇਗੀ।
10 ਫੁੱਟ ਤੋਂ 18 ਫੁੱਟ ਤੱਕ ਚੌੜਾਈ ਵਧੇਗੀ
ਯੋਜਨਾ ਤਹਿਤ ਪੁਰਾਣੀਆਂ ਅਤੇ ਟੁੱਟੀਆਂ ਸੜਕਾਂ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ। ਸੜਕ ਨਿਰਮਾਣ ਕੰਪਨੀ ਨਾ ਸਿਰਫ਼ ਕੰਮ ਕਰੇਗੀ, ਸਗੋਂ ਅਗਲੇ ਪੰਜ ਸਾਲਾਂ ਲਈ ਇਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਨਿਭਾਏਗੀ।
ਬਜਟ 3,500 ਕਰੋੜ ਰੁਪਏ, ਸਰਵੇਖਣ ਮੁਕੰਮਲ
ਇਸ ਮਹੱਤਵਕਾਂਖੀ ਪ੍ਰੋਜੈਕਟ ਲਈ ਸਰਕਾਰ ਵੱਲੋਂ 3,500 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਵਿੱਚੋਂ 2,872 ਕਰੋੜ ਰੁਪਏ ਸੜਕਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ, ਜਦਕਿ 587 ਕਰੋੜ ਰੁਪਏ ਹੋਰ ਸੰਬੰਧਿਤ ਕੰਮਾਂ ਲਈ ਵਰਤੇ ਜਾਣਗੇ। ਸਰਵੇਖਣ ਦੀ ਪ੍ਰਕਿਰਿਆ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ।
ਗੁਣਵੱਤਾ ‘ਤੇ ਰਹੇਗਾ ਖਾਸ ਧਿਆਨ
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਨਵੀਨੀਕਰਨ ਦੌਰਾਨ ਸੜਕਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਇਸ ਲਈ ਦੋਵਾਂ ਧਿਰਾਂ ਦੇ ਮੈਂਬਰਾਂ ਦੀ ਤਾਲਮੇਲ ਕਮੇਟੀ ਬਣਾਈ ਜਾਵੇਗੀ ਜੋ ਕੰਮ ਦੀ ਨਿਗਰਾਨੀ ਕਰੇਗੀ।
ਹੜ੍ਹਾਂ ਕਾਰਨ ਸ਼ੁਰੂਆਤ ਵਿੱਚ ਹੋਈ ਦੇਰੀ
ਇਹ ਪ੍ਰੋਜੈਕਟ ਅਗਸਤ ਮਹੀਨੇ ਤੋਂ ਸ਼ੁਰੂ ਹੋਣਾ ਸੀ ਪਰ ਰਾਜ ਵਿੱਚ ਆਏ ਹੜ੍ਹਾਂ ਕਰਕੇ ਕੰਮ ਵਿੱਚ ਦੇਰੀ ਹੋ ਗਈ। ਹੁਣ ਸਰਕਾਰ ਨੇ ਇਸਨੂੰ ਤੇਜ਼ੀ ਨਾਲ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।