ਚੰਡੀਗੜ੍ਹ :- ਹੁਸ਼ਿਆਰਪੁਰ ਦੇ ਪਿੰਡ ਜਲਾਲਪੁਰ ਵਿੱਚ ਹੋਏ ਸਮਾਗਮ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਕਿਹਾ ਕਿ ਸੂਬਾ ਸਰਕਾਰ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਪੂਰੀ ਮਦਦ ਕਰ ਰਹੀ ਹੈ ਅਤੇ ਇਹ ਮੁਸ਼ਕਲ ਸਮੇਂ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜੀ ਹੈ।
ਇਸ ਮੌਕੇ ਉਨ੍ਹਾਂ ਨੇ ਪਿੰਡ ਰੜਾ ਦੇ ਰਹਿਣ ਵਾਲੇ ਜੈਲਾ ਸਿੰਘ, ਜਿਨ੍ਹਾਂ ਦੀ ਹੜ੍ਹ ਦੌਰਾਨ ਮੌਤ ਹੋ ਗਈ ਸੀ, ਦੇ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦਿੱਤਾ। ਇਹ ਚੈੱਕ ਮੁੱਖ ਮੰਤਰੀ ਵੱਲੋਂ ਭੇਜਿਆ ਗਿਆ ਸੀ ਤਾਂ ਜੋ ਪਰਿਵਾਰ ਦੀ ਆਰਥਿਕ ਸਹਾਇਤਾ ਹੋ ਸਕੇ।
ਵਿਧਾਇਕ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਹੜ੍ਹ ਪੀੜਤਾਂ ਲਈ ਰੈਸਕਿਊ, ਰਹਿਣ-ਖਾਣ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਟਾਂਡਾ ਖੇਤਰ ਦੇ ਕਈ ਪਿੰਡਾਂ ਜਿਵੇਂ ਕਿ ਅਬਦੁੱਲਾਪੁਰ ਫਤਾ ਕੁੱਲਾ, ਗੰਦੋਵਾਲ, ਟਾਹਲੀ, ਰੜਾ ਮੰਡ ਆਦਿ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਹਾਲਾਤ ਸੁਧਰਣ ਤੋਂ ਬਾਅਦ ਘਰ ਵਾਪਸ ਜਾਣ ਵਾਲੇ ਲੋਕਾਂ ਦੇ ਨੁਕਸਾਨ ਦਾ ਅੰਦਾਜ਼ਾ ਲਿਆ ਜਾਵੇਗਾ ਅਤੇ ਇਸਦੀ ਰਿਪੋਰਟ ਪੰਜਾਬ ਸਰਕਾਰ ਨੂੰ ਦਿੱਤੀ ਜਾਵੇਗੀ।