ਚੰਡੀਗੜ੍ਹ :- ਪੰਜਾਬ ਸਰਕਾਰ ਨੇ ਪ੍ਰਸ਼ਾਸਕੀ ਪੱਧਰ ‘ਤੇ ਵੱਡਾ ਕਦਮ ਚੁੱਕਦੇ ਹੋਏ ਕਈ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਰਕਾਰ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਕਿਹਾ ਗਿਆ ਹੈ।
ਅਕਸ਼ਿਤਾ ਗੁਪਤਾ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਹੁਕਮਾਂ ਅਨੁਸਾਰ 2021 ਬੈਚ ਦੀ ਆਈਏਐਸ ਅਧਿਕਾਰੀ ਅਕਸ਼ਿਤਾ ਗੁਪਤਾ ਨੂੰ ਨਵਾਂ ਅਹੁਦਾ ਦਿੱਤਾ ਗਿਆ ਹੈ। ਹੁਣ ਤੱਕ ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਰਹੀ ਅਕਸ਼ਿਤਾ ਗੁਪਤਾ ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਵਿਮਲ ਕੁਮਾਰ ਸੇਤੀਆ ਅਹੁਦੇ ਤੋਂ ਮੁਕਤ
ਸਰਕਾਰੀ ਫ਼ੈਸਲੇ ਤਹਿਤ 2010 ਬੈਚ ਦੇ ਆਈਏਐਸ ਅਧਿਕਾਰੀ ਵਿਮਲ ਕੁਮਾਰ ਸੇਤੀਆ ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਨੂੰ ਅਗਲੇ ਹੁਕਮਾਂ ਤੱਕ ਪ੍ਰਸੋਨਲ ਸਕੱਤਰ ਕੋਲ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਨਵਨੀਤ ਕੌਰ ਬੱਲ ਨੂੰ ਮਿਲਿਆ ਫਗਵਾੜਾ ਨਗਰ ਨਿਗਮ ਦਾ ਚਾਰਜ
2020 ਬੈਚ ਦੀ ਪੀਸੀਐਸ ਅਧਿਕਾਰੀ ਨਵਨੀਤ ਕੌਰ ਬੱਲ, ਜੋ ਕਪੂਰਥਲਾ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਜੋਂ ਤਾਇਨਾਤ ਹਨ, ਨੂੰ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਆਪਣਾ ਮੌਜੂਦਾ ਅਹੁਦਾ ਬਰਕਰਾਰ ਰੱਖਦਿਆਂ ਹੁਣ ਨਗਰ ਨਿਗਮ ਫਗਵਾੜਾ ਦੀ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੰਭਾਲਣਗੇ।
ਦੀਪਾਂਕਰ ਗਰਗ ਨੂੰ ਹੋਰ ਵਿਭਾਗੀ ਜ਼ਿੰਮੇਵਾਰੀ
ਇਸੇ ਤਰ੍ਹਾਂ 2020 ਬੈਚ ਦੇ ਪੀਸੀਐਸ ਅਧਿਕਾਰੀ ਦੀਪਾਂਕਰ ਗਰਗ ਨੂੰ ਵੀ ਵਾਧੂ ਚਾਰਜ ਦਿੱਤਾ ਗਿਆ ਹੈ। ਜਨਰਲ ਪ੍ਰਸ਼ਾਸਨ ਅਤੇ ਤਾਲਮੇਲ ਵਿਭਾਗ ਵਿੱਚ ਡਿਪਟੀ ਸਕੱਤਰ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਵਧੀਕ ਪ੍ਰਬੰਧ ਨਿਰਦੇਸ਼ਕ ਵਜੋਂ ਕੰਮ ਕਰ ਰਹੇ ਦੀਪਾਂਕਰ ਗਰਗ ਹੁਣ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਵੀ ਡਿਪਟੀ ਸਕੱਤਰ ਦੀ ਜ਼ਿੰਮੇਵਾਰੀ ਨਿਭਾਉਣਗੇ।
ਪ੍ਰਸ਼ਾਸਨਿਕ ਕੰਮਕਾਜ ਹੋਰ ਮਜ਼ਬੂਤ ਕਰਨ ਦਾ ਉਦੇਸ਼
ਪ੍ਰਸ਼ਾਸਕੀ ਸੂਤਰਾਂ ਮੁਤਾਬਕ ਇਹ ਫੇਰਬਦਲ ਸਰਕਾਰ ਵੱਲੋਂ ਸੂਬੇ ਵਿੱਚ ਪ੍ਰਸ਼ਾਸਨਿਕ ਕੰਮਕਾਜ ਨੂੰ ਹੋਰ ਸੁਚਾਰੂ, ਪ੍ਰਭਾਵਸ਼ਾਲੀ ਅਤੇ ਗਤੀਸ਼ੀਲ ਬਣਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ।

