ਚੰਡੀਗੜ੍ਹ: ਪੰਜਾਬ ਵਿੱਚ ਹੜ੍ਹਾਂ ਨੇ ਫਿਲਹਾਲ ਭਿਆਨਕ ਤਬਾਹੀ ਮਚਾਈ ਹੋਈ ਹੈ ਜਿਸ ਕਾਰਨ ਹਜ਼ਾਰਾਂ ਪਰਿਵਾਰਾਂ ਨੂੰ ਬੇਘਰ ਤੱਕ ਹੋਣਾ ਪੈ ਗਿਆ ਹੈ ਅਤੇ ਲੋਕਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਦੇ ਨੇਤਾਵਾਂ ਨੇ ਏਕਤਾ ਅਤੇ ਸਮਰਥਨ ਦਾ ਸੁਨੇਹਾ ਦਿੰਦਿਆਂ ਇੱਕ ਵੱਡਾ ਕਦਮ ਚੁੱਕਿਆ ਹੈ।
ਮੁੱਖ ਮੰਤਰੀ ਨੇ ਸਾਰੇ ਕੈਬਨਿਟ ਮੰਤਰੀਆਂ ਅਤੇ ਵਿਧਾਨ ਸਭਾ ਮੈਂਬਰਾਂ ਨਾਲ ਮਿਲ ਕੇ ਰਾਹਤ ਕਾਰਜਾਂ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਦਾਨ ਕਰਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਇੱਕ ਜਨਤਕ ਪੋਸਟ ਵਿੱਚ ਕਿਹਾ, “ਕੁਦਰਤ ਦੀ ਮਾਰ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂ, ਪਰ ਆਪਾਂ ਰਲ਼ ਮਿਲ ਕੇ ਇਸ ਔਖੀ ਘੜੀ ਵਿੱਚ ਇੱਕ ਦੂਜੇ ਦੇ ਨਾਲ ਖੜ੍ਹੀਏ। ਮੈਂ ਅਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਤੇ ਵਿਧਾਇਕ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਰਾਹਤ ਕਾਰਜਾਂ ਲਈ ਦੇ ਰਹੇ ਹਾਂ। ਸਾਡੀ ਸਰਕਾਰ ਅਤੇ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਲੋਕਾਂ ਦੇ ਨਾਲ ਖੜ੍ਹੇ ਹਨ। ਪਰਮਾਤਮਾ ਅੱਗੇ ਅਰਦਾਸ, ਜਲਦ ਸਾਰੇ ਹਾਲਾਤ ਠੀਕ ਹੋਣਗੇ।”
ਇਹ ਸਮੂਹਿਕ ਫੈਸਲਾ ਸਰਕਾਰ ਦੀ ਤੁਰੰਤ ਰਾਹਤ ਅਤੇ ਲੰਬੇ ਸਮੇਂ ਦੀ ਬਹਾਲੀ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਦੱਸ ਦਈਏ ਕਿ ਪੰਜਾਬ ਦੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਐਮਰਜੈਂਸੀ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ, ਜੋ ਬੁਨਿਆਦੀ ਸਹੂਲਤਾਂ ਜਿਵੇਂ ਬਿਜਲੀ, ਪਾਣੀ ਅਤੇ ਸੜਕਾਂ ਨੂੰ ਬਹਾਲ ਕਰਨ, ਪੀੜਤਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਉਣ ਅਤੇ ਭੋਜਨ, ਸਾਫ ਪਾਣੀ ਅਤੇ ਮੈਡੀਕਲ ਸਹਾਇਤਾ ਮੁਹੱਈਆ ਕਰਨ ਵਿੱਚ ਜੁਟੀਆਂ ਹੋਈਆਂ ਹਨ।
ਸਰਕਾਰੀ ਅਧਿਕਾਰੀ ਅਤੇ ਆਫ਼ਤ ਪ੍ਰਬੰਧਨ ਟੀਮਾਂ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਚੌਵੀ ਘੰਟੇ ਕੰਮ ਕਰ ਰਹੀਆਂ ਹਨ।
ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਪੀੜਤ ਵਿਅਕਤੀ ਦੇ ਨਾਲ ਖੜ੍ਹੀ ਹੈ। ਹੜ੍ਹਾਂ ਦਾ ਪਾਣੀ ਅਜੇ ਵੀ ਰਾਹਤ ਕਾਰਜਾਂ ਨੂੰ ਚੁਣੌਤੀ ਦੇ ਰਿਹਾ ਹੈ, ਪਰ ਸਰਕਾਰੀ ਨੁਮਾਇੰਦਿਆਂ ਦੀ ਇਹ ਵਿੱਤੀ ਪਹਿਲ ਸੰਕਟ ਦੇ ਸਮੇਂ ਵਿੱਚ ਲੀਡਰਸ਼ਿਪ ਅਤੇ ਹਮਦਰਦੀ ਦਾ ਮਜ਼ਬੂਤ ਸੁਨੇਹਾ ਦਿੰਦੀ ਹੈ।