ਚੰਡੀਗੜ੍ਹ :- ਹਿਮਾਚਲ ਵੱਲੋਂ ਛੱਡੇ ਗਏ ਪਾਣੀ ਕਾਰਨ ਬਿਆਸ ਦਰਿਆ ਦਾ ਪਾਣੀ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਅੱਧਾ ਫੁੱਟ ਹੇਠਾਂ ਪਹੁੰਚ ਗਿਆ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਨਾਲ ਲੱਗਦੇ ਹੇਠਲੇ ਪਿੰਡਾਂ ਸ਼ੇਰ ਬਾਘਾ ਅਤੇ ਸ਼ੇਰਨਿਗਾਹ ਵਿੱਚ ਖਾਸ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ, ਜੋ 24 ਘੰਟੇ ਪਾਣੀ ਦੀ ਸਥਿਤੀ ‘ਤੇ ਨਿਗਰਾਨੀ ਕਰ ਰਹੀਆਂ ਹਨ।
ਕੀ ਹੈ ਸਥਿਤੀ
ਜਾਣਕਾਰੀ ਅਨੁਸਾਰ, ਇਹ ਦੋਵੇਂ ਪਿੰਡ ਬਿਆਸ ਦਰਿਆ ਦੇ ਬਿਲਕੁਲ ਨੇੜੇ ਅਤੇ ਨੀਚੇ ਪੱਧਰ ‘ਤੇ ਹੋਣ ਕਾਰਨ ਹੜ੍ਹ ਦੇ ਖ਼ਤਰੇ ਹੇਠ ਆਉਂਦੇ ਹਨ। ਪਿਛਲੇ ਸਾਲ ਵੀ ਇਨ੍ਹਾਂ ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਬਣੀ ਸੀ, ਪਰ ਪਾਣੀ ਕਪੂਰਥਲਾ ਦੇ ਹੇਠਲੇ ਇਲਾਕਿਆਂ ਵੱਲ ਮੁੜ ਗਿਆ ਸੀ, ਜਿਸ ਨਾਲ ਤਰਨਤਾਰਨ ਜ਼ਿਲ੍ਹੇ ਵਿੱਚ ਖਾਸ ਤੌਰ ‘ਤੇ ਝੋਨੇ ਦੀ ਫਸਲ ਨੂੰ ਵੱਡਾ ਨੁਕਸਾਨ ਹੋਇਆ ਸੀ। ਹੁਣ ਇੱਕ ਵਾਰ ਫਿਰ ਦਰਿਆ ਵਿੱਚ ਪਾਣੀ ਵਧਣ ਕਾਰਨ ਹੜ੍ਹ ਦੀ ਸੰਭਾਵਨਾ ਬਰਕਰਾਰ ਹੈ ਅਤੇ ਪ੍ਰਸ਼ਾਸਨ ਨੇ ਸੰਭਾਵਿਤ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਐੱਸ.ਡੀ.ਐੱਮ. ਬਾਬਾ ਬਕਾਲਾ ਨੇ ਡੀ.ਸੀ. ਨੂੰ ਭੇਜੀ ਰਿਪੋਰਟ ਵਿੱਚ ਕਿਹਾ ਕਿ ਇਸ ਵੇਲੇ ਤੱਕ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਦਰਜ ਨਹੀਂ ਹੋਇਆ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਮੁਤਾਬਕ, ਪਿੰਡਾਂ ਵਿੱਚ ਤਾਇਨਾਤ ਟੀਮਾਂ ਦਿਨ-ਰਾਤ ਪਾਣੀ ਦੀ ਮਾਨੀਟਰਿੰਗ ਕਰ ਰਹੀਆਂ ਹਨ ਅਤੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਅਲਰਟ ਮੋਡ ‘ਤੇ ਰੱਖਿਆ ਗਿਆ ਹੈ। ਪਿੰਡ ਸਰਪੰਚਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਹੜ੍ਹ ਕੰਟਰੋਲ ਰੂਮ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਰਾਵੀ ਨਦੀ ਦੀ ਸਥਿਤੀ ਕਾਬੂ ‘ਚ
ਦੂਜੇ ਪਾਸੇ, ਜੰਮੂ-ਕਸ਼ਮੀਰ ਵੱਲੋਂ ਆਉਣ ਵਾਲਾ ਪਾਣੀ ਅਕਸਰ ਰਾਵੀ ਨਦੀ ਵਿੱਚ ਖਤਰਨਾਕ ਹਾਲਾਤ ਪੈਦਾ ਕਰਦਾ ਹੈ, ਪਰ ਇਸ ਵੇਲੇ ਹਾਲਤ ਆਮ ਹਨ। ਪ੍ਰਸ਼ਾਸਨ ਨੇ ਪਹਿਲਾਂ ਹੀ ਸੰਵੇਦਨਸ਼ੀਲ ਧੁੱਸੀ ਬੰਨ੍ਹਾਂ ਦੀ ਮੁਰੰਮਤ ਕਰ ਦਿੱਤੀ ਸੀ, ਜਿਸ ਕਾਰਨ ਹਜ਼ਾਰਾਂ ਲੀਟਰ ਪਾਣੀ ਸੁਰੱਖਿਅਤ ਢੰਗ ਨਾਲ ਨਿਕਾਸ ਹੋ ਚੁੱਕਾ ਹੈ ਅਤੇ ਕੋਈ ਗੰਭੀਰ ਖ਼ਤਰਾ ਨਹੀਂ ਹੈ।