ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਸਿਆਸੀ ਟਕਰਾਅ, ਤਣਾਅ ਤੇ ਲਗਾਤਾਰ ਪ੍ਰਦਰਸ਼ਨਾਂ ਨੂੰ ਲੈ ਕੇ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਦਾ ਦੋਸ਼ ਹੈ ਕਿ ਵੱਖ-ਵੱਖ ਰਾਜਨੀਤਿਕ ਧੜੇ, ਯੂਨੀਅਨ ਅਤੇ ਕਿਸਾਨ ਸੰਗਠਨ ਯੂਨੀਵਰਸਿਟੀ ਨੂੰ ਪੜ੍ਹਾਈ ਦੇ ਕੇਂਦਰ ਨਾਲੋਂ ਵੱਧ ਰਾਜਨੀਤਿਕ ਮੈਦਾਨ ਬਣਾਉਣ ਵਿੱਚ ਲੱਗੇ ਹੋਏ ਹਨ, ਜਿਸ ਨਾਲ ਯੂਨੀਵਰਸਿਟੀ ਦਾ ਅਕਾਦਮਿਕ ਮਾਹੌਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਪਟੀਸ਼ਨਕਰਤਾ ਦੀ ਦਲੀਲ : ਸੈਨੇਟ ਚੋਣਾਂ ਦਾ ਮਾਮਲਾ ਕੋਰਟ ਵਿੱਚ, ਪਰ ਯੂਨੀਵਰਸਿਟੀ ਵਿੱਚ ਦਬਾਅ ਅਤੇ ਹੰਗਾਮਾ ਜਾਰੀ
ਪਟੀਸ਼ਨਕਰਤਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਪੀ.ਯੂ. ਸੈਨੇਟ ਚੋਣਾਂ ਦਾ ਮੁੱਦਾ ਪਹਿਲਾਂ ਹੀ ਅਦਾਲਤ ਵਿੱਚ ਲੰਬਿਤ ਹੈ। ਇਸ ਦੇ ਬਾਵਜੂਦ ਰਾਜਨੀਤਿਕ ਪਾਰਟੀਆਂ ਅਤੇ ਕਿਸਾਨ ਯੂਨੀਅਨਾਂ ਵੱਲੋਂ ਰੋਜ਼ਾਨਾ ਪ੍ਰਦਰਸ਼ਨ ਕਰਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਟਾਫ ਦੀ ਸਧਾਰਨ ਜ਼ਿੰਦਗੀ ਦਰਹੇਜ਼ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸੈਨੇਟ ਖ਼ਤਮ ਕਰਨ ਦੇ ਆਦੇਸ਼ ਵਾਪਸ ਲਏ ਜਾਣ ਤੋਂ ਬਾਅਦ ਵੀ ਵਿਰੋਧ ਠੰਡੇ ਨਹੀਂ ਪਏ। ਕਦੇ ਯੂਨੀਵਰਸਿਟੀ ਦੇ ਮੁੱਖ ਗੇਟ ਤਾਲਾਬੰਦ ਕੀਤੇ ਜਾਂਦੇ ਹਨ, ਤਾਂ ਕਦੇ ਪ੍ਰਬੰਧਕੀ ਬਲਾਕ ਦਾ ਘੇਰਾਓ ਕੀਤਾ ਜਾਂਦਾ ਹੈ।
ਬਾਹਰੀ ਲੋਕਾਂ ਦੀ ਦਖ਼ਲਅੰਦਾਜ਼ੀ ਨਾਲ ਕੈਂਪਸ ਦਾ ਮਾਹੌਲ ਵਿਗੜ ਰਿਹਾ ਹੈ
ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਰੋਧ ਪ੍ਰਦਰਸ਼ਨਾਂ ਕਾਰਨ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਤੋਂ ਬਾਹਰ ਦੇ ਲੋਕ ਕੈਂਪਸ ਅੰਦਰ ਦਾਖਲ ਹੋ ਰਹੇ ਹਨ, ਜਿਸ ਨਾਲ ਕਾਨੂੰਨ-ਵਿਵਸਥਾ ਨੂੰ ਚੁਣੌਤੀ ਪੈਦਾ ਹੋ ਰਹੀ ਹੈ। ਪਟੀਸ਼ਨਕਰਤਾ ਨੇ ਹਾਈ ਕੋਰਟ ਕੋਲ ਮੰਗ ਕੀਤੀ ਹੈ ਕਿ ਕੈਂਪਸ ਦੀ ਸੁਰੱਖਿਆ, ਕਾਨੂੰਨੀ ਸਥਿਤੀ ਅਤੇ ਅਕਾਦਮਿਕ ਮਾਹੌਲ ਨੂੰ ਬਰਕਰਾਰ ਰੱਖਣ ਲਈ ਤੁਰੰਤ ਦਖ਼ਲ ਦਿੱਤਾ ਜਾਵੇ।
ਕੇਸ ਸੋਮਵਾਰ ਨੂੰ ਸੁਣਵਾਈ ਲਈ ਮੁਕਰਰ
ਪਟੀਸ਼ਨ ‘ਤੇ ਅੱਜ ਸੁਣਵਾਈ ਨਹੀਂ ਹੋ ਸਕੀ ਕਿਉਂਕਿ ਚੀਫ਼ ਜਸਟਿਸ ਛੁੱਟੀ ‘ਤੇ ਸਨ। ਹੁਣ ਇਹ ਮਾਮਲਾ ਸੋਮਵਾਰ ਲਈ ਲਿਸਟ ਕੀਤਾ ਗਿਆ ਹੈ, ਜਿੱਥੇ ਯੂਨੀਵਰਸਿਟੀ ਦੀ ਸਥਿਤੀ ਬਾਰੇ ਕੋਰਟ ਨੂੰ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

