ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਅੱਜ ਵਿਦਿਆਰਥੀ ਯੂਨੀਅਨ ਦੇ ਕਈ ਅਹੁਦਿਆਂ ਲਈ ਚੋਣਾਂ ਹੋ ਰਹੀਆਂ ਹਨ। ਪ੍ਰਧਾਨ ਸਮੇਤ ਵੱਖ-ਵੱਖ ਅਹੁਦਿਆਂ ਲਈ ਕੁੱਲ 17 ਹਜ਼ਾਰ ਵਿਦਿਆਰਥੀ ਆਪਣਾ ਮਤਾਧਿਕਾਰ ਵਰਤਣਗੇ।
ਪ੍ਰਧਾਨਗੀ ਲਈ 8 ਉਮੀਦਵਾਰ ਮੈਦਾਨ ਵਿੱਚ
ਡੀਨ ਵਿਦਿਆਰਥੀ ਭਲਾਈ ਵੱਲੋਂ ਜਾਰੀ ਕੀਤੀ ਗਈ ਅੰਤਿਮ ਸੂਚੀ ਮੁਤਾਬਕ ਪ੍ਰਧਾਨ ਦੇ ਅਹੁਦੇ ਲਈ ਅਰਦਾਸ ਕੌਰ (ਫੈਸ਼ਨ ਟੈਕਨਾਲੋਜੀ), ਗੌਰਵ ਵੀਰ ਸੋਹਲ (ਲਾਅ ਵਿਭਾਗ), ਜੋਬਨਪ੍ਰੀਤ ਸਿੰਘ (ਫਿਲਾਸਫੀ), ਮਨਕੀਰਤ ਸਿੰਘ ਮਾਨ (ਯੂ.ਆਈ.ਈ.ਟੀ.), ਨਵਨੀਤ ਕੌਰ (ਯੂ.ਆਈ.ਐੱਲ.ਐੱਸ.), ਪ੍ਰਭਜੋਤ ਸਿੰਘ ਗਿੱਲ (ਲਾਅ ਵਿਭਾਗ), ਸੀਰਤ (ਯੂ.ਆਈ.ਈ.ਟੀ.) ਅਤੇ ਸੁਮਿਤ ਕੁਮਾਰ (ਜਿਆਗ੍ਰਾਫੀ) ਵਿਚਕਾਰ ਸਿੱਧਾ ਮੁਕਾਬਲਾ ਹੋਵੇਗਾ।
ਸੁਰੱਖਿਆ ਲਈ ਪੁਲਿਸ ਦਾ ਵੱਡਾ ਜਥਾ ਤਾਇਨਾਤ
ਚੋਣਾਂ ਨੂੰ ਸ਼ਾਂਤੀਪੂਰਨ ਬਣਾਉਣ ਲਈ ਪੀਯੂ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। 11 ਡੀਐਸਪੀ, 10 ਐਸਐਚਓ, 10 ਇੰਸਪੈਕਟਰ, 9 ਚੌਕੀ ਇੰਚਾਰਜ ਅਤੇ 988 ਪੁਲਿਸ ਕਰਮਚਾਰੀ ਡਿਊਟੀ ‘ਤੇ ਹਨ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਖੁਦ ਚੋਣ ਦੌਰਾਨ ਯੂਨੀਵਰਸਿਟੀ ਵਿੱਚ ਮੌਜੂਦ ਰਹਿਣਗੀਆਂ।
ਆਈਡੀ ਕਾਰਡ ਤੋਂ ਬਿਨਾਂ ਐਂਟਰੀ ਮਨਾਹੀ
ਚੋਣਾਂ ਦੌਰਾਨ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਸਿਰਫ਼ ਉਹੀ ਵਿਦਿਆਰਥੀ ਅੰਦਰ ਜਾ ਸਕਣਗੇ ਜਿਨ੍ਹਾਂ ਕੋਲ ਆਈਡੀ ਕਾਰਡ ਹੋਵੇਗਾ। ਜਿਨ੍ਹਾਂ ਕੋਲ ਆਈਡੀ ਨਹੀਂ ਸੀ, ਉਨ੍ਹਾਂ ਨੂੰ ਮੰਗਲਵਾਰ ਨੂੰ ਪ੍ਰਸ਼ਾਸਨ ਵੱਲੋਂ ਨਵੇਂ ਕਾਰਡ ਜਾਰੀ ਕੀਤੇ ਗਏ।