ਆਨੰਦਪੁਰ ਸਾਹਿਬ :- ਪੰਜਾਬ ਦੇ 136 ਏਡਿਡ ਕਾਲਜਾਂ ਦੇ ਹਜ਼ਾਰਾਂ ਪ੍ਰੋਫੈਸਰਾਂ ਨੇ ਅੱਜ ਆਪਣੀਆਂ ਛੇ ਮਹੀਨਿਆਂ ਤੋਂ ਰੁਕੀ ਤਨਖਾਹਾਂ ਨੂੰ ਲੈ ਕੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜੱਦੀ ਪਿੰਡ ਗੰਭੀਰਪੁਰਾ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ। ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀਸੀਸੀਟੀਯੂ) ਦੇ ਬੈਨਰ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿੱਚ ਰੋਸ ਮਾਰਚ ਵੀ ਕੱਢਿਆ।
“ਸਿੱਖਿਆ ਕ੍ਰਾਂਤੀ ਦੇ ਨਾਅਰੇ ਝੂਠੇ” – ਅਧਿਆਪਕ
ਆਲ ਇੰਡੀਆ ਫੈਡਰੇਸ਼ਨ ਆਫ ਕਾਲਜ ਐਂਡ ਯੂਨੀਵਰਸਿਟੀ ਟੀਚਰਜ਼ ਦੇ ਵਾਈਸ ਪ੍ਰੈਜ਼ੀਡੈਂਟ ਡਾ. ਵਿਨੇ ਸੋਫਤ ਨੇ ਮਾਨ ਸਰਕਾਰ ਨੂੰ ਸਭ ਤੋਂ ਨਿਕੰਮੀ ਸਰਕਾਰ ਦੱਸਿਆ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਾਅਰੇ ਲਗਾਉਣ ਵਾਲੇ ਹੁਣ ਪ੍ਰੋਫੈਸਰਾਂ ਨੂੰ ਦਾਲ-ਰੋਟੀ ਤੋਂ ਵੀ ਵਾਂਝਾ ਕਰ ਰਹੇ ਹਨ। ਉਨ੍ਹਾਂ ਨੇ ਸਿੱਧੀ ਮੰਗ ਕੀਤੀ ਕਿ ਹਰਜੋਤ ਬੈਂਸ ਨੂੰ ਤੁਰੰਤ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਵੇ।
“ਜੇ ਕਾਰਵਾਈ ਨਾ ਹੋਈ ਤਾਂ ਨਤੀਜੇ ਭੁਗਤਣੇ ਪੈਣਗੇ”
ਪੀਸੀਸੀਟੀਯੂ ਦੇ ਜਨਰਲ ਸਕੱਤਰ ਡਾ. ਐੱਸ. ਐੱਸ. ਰੰਧਾਵਾ ਨੇ ਦੱਸਿਆ ਕਿ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਹੈ। 12 ਅਗਸਤ ਤੋਂ ਤਨਖਾਹਾਂ ਦਾ ਬਿਲ ਖ਼ਜ਼ਾਨੇ ਵਿੱਚ ਅਟਕਿਆ ਪਿਆ ਹੈ, ਪਰ ਇੱਕ ਮਹੀਨਾ ਬੀਤਣ ਬਾਵਜੂਦ ਫੰਡ ਜਾਰੀ ਨਹੀਂ ਹੋਏ। ਸੂਬਾਈ ਪ੍ਰਧਾਨ ਡਾ. ਸੀਮਾ ਜੇਤਲੀ ਨੇ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੀ ਅਪੀਲ ਕੀਤੀ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਸਰਕਾਰ ਨੂੰ ਵੱਡੇ ਨਤੀਜੇ ਭੁਗਤਣੇ ਪੈਣਗੇ।