ਪਠਾਨਕੋਟ :- ਪਠਾਨਕੋਟ ਵਿੱਚ ਹੜ੍ਹ ਦਾ ਪਾਣੀ ਘਟਣ ਦੇ ਬਾਵਜੂਦ ਲੋਕਾਂ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ। ਹੜ੍ਹ ਕਾਰਨ ਕਈ ਘਰ ਪੂਰੀ ਤਰ੍ਹਾਂ ਢਹਿ ਕੇ ਢੇਰੀ ਹੋ ਗਏ ਹਨ, ਜਿਸ ਨਾਲ ਦਰਿਆ ਦੇ ਕਿਨਾਰੇ ਵੱਸਦੇ ਕਈ ਪਰਿਵਾਰ ਬੇਘਰ ਹੋ ਗਏ ਹਨ। ਪਾਣੀ ਵਾਪਸ ਜਾਣ ਤੋਂ ਬਾਅਦ ਲੋਕ ਜਦੋਂ ਘਰਾਂ ਨੂੰ ਪਰਤੇ ਤਾਂ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਪੁੰਜੀ ਸਿਰਫ਼ ਮਲਬੇ ਵਿੱਚ ਦਬੀ ਹੋਈ ਮਿਲੀ।
ਹੜ੍ਹ ਪੀੜਤਾਂ ਕੋਲ ਨਾ ਛੱਤ ਰਹੀ, ਨਾ ਰੋਜ਼ਮਰਾ ਦੀਆਂ ਸਹੂਲਤਾਂ
ਲੋਕਾਂ ਨੇ ਦੱਸਿਆ ਕਿ ਉਹ ਹੜ੍ਹ ਦੇ ਦੌਰਾਨ ਆਪਣੀਆਂ ਜਾਨਾਂ ਬਚਾਉਣ ਲਈ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਸਨ ਪਰ ਹੁਣ ਉਨ੍ਹਾਂ ਕੋਲ ਨਾ ਰਹਿਣ ਲਈ ਢੰਗ ਦੀ ਥਾਂ ਰਹੀ ਹੈ ਤੇ ਨਾ ਹੀ ਰੋਜ਼ਮਰਾ ਦੀਆਂ ਜ਼ਰੂਰੀ ਚੀਜ਼ਾਂ। ਬਹੁਤ ਸਾਰੇ ਇਲਾਕਿਆਂ ਵਿੱਚ ਪੀਣ ਵਾਲਾ ਪਾਣੀ, ਬਿਜਲੀ ਤੇ ਸੜਕਾਂ ਅਜੇ ਵੀ ਬਹਾਲ ਨਹੀਂ ਹੋਈਆਂ।
ਪ੍ਰਸ਼ਾਸਨ ਵੱਲੋਂ ਰਾਹਤ ਤੇ ਬਹਾਲੀ ਦੇ ਕੰਮ ਜਾਰੀ ਹਨ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਰਹਿਣਯੋਗ ਟਿਕਾਣਿਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਮਦਦ ਦੀ ਰਫਤਾਰ ਹੌਲੀ ਹੈ ਅਤੇ ਉਨ੍ਹਾਂ ਨੂੰ ਹੋਰ ਸਮੇਂ ਸਿਰ ਸਹਾਇਤਾ ਦੀ ਲੋੜ ਹੈ।