ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 1 ਫਰਵਰੀ ਦਿਨ ਐਤਵਾਰ ਨੂੰ ਹੋਣ ਵਾਲਾ ਪੰਜਾਬ ਦੌਰਾ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪ੍ਰਧਾਨ ਮੰਤਰੀ ਹੁਣ 1 ਫਰਵਰੀ ਦੀ ਥਾਂ 2 ਫਰਵਰੀ, ਸੋਮਵਾਰ ਨੂੰ ਪੰਜਾਬ ਪਹੁੰਚਣਗੇ। ਇਸ ਦੌਰਾਨ ਉਹ ਜਲੰਧਰ ਆਉਣਗੇ ਅਤੇ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਣਗੇ।
ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਪੁਸ਼ਟੀ
ਪ੍ਰਧਾਨ ਮੰਤਰੀ ਦੇ ਦੌਰੇ ਦੀ ਨਵੀਂ ਤਾਰੀਖ ਦੀ ਪੁਸ਼ਟੀ ਦਿੱਲੀ ਸਰਕਾਰ ਦੇ ਮੰਤਰੀ ਅਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚੇ ਸਿਰਸਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ ਡੇਰਾ ਸੱਚਖੰਡ ਬੱਲਾਂ ਨਾਲ ਭਾਵਨਾਤਮਕ ਨਾਤਾ ਹੈ, ਜਿਸ ਕਾਰਨ ਉਹ ਖਾਸ ਤੌਰ ‘ਤੇ ਇੱਥੇ ਨਤਮਸਤਕ ਹੋਣ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਸਵਾਗਤ ਲਈ ਪੰਜਾਬ ਭਰ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਹਲਵਾਰਾ ਏਅਰਪੋਰਟ ਦਾ ਵਰਚੁਅਲ ਉਦਘਾਟਨ
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਪ੍ਰਧਾਨ ਮੰਤਰੀ ਦੇ 1 ਫਰਵਰੀ ਨੂੰ ਪੰਜਾਬ ਆਉਣ ਦੀ ਜਾਣਕਾਰੀ ਦਿੱਤੀ ਗਈ ਸੀ। ਹਾਲਾਂਕਿ ਹੁਣ ਸਪਸ਼ਟ ਕੀਤਾ ਗਿਆ ਹੈ ਕਿ 1 ਫਰਵਰੀ ਨੂੰ ਪ੍ਰਧਾਨ ਮੰਤਰੀ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਦਾ ਕੇਵਲ ਵਰਚੁਅਲ ਉਦਘਾਟਨ ਹੀ ਕਰਨਗੇ।
ਜਲੰਧਰ ਦੌਰੇ ਦੀ ਪੂਰੀ ਯੋਜਨਾ ਤੈਅ
2 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਸਿੱਧੇ ਆਦਮਪੁਰ ਏਅਰਪੋਰਟ ‘ਤੇ ਪਹੁੰਚਣਗੇ। ਇਸ ਤੋਂ ਬਾਅਦ ਉਹ ਜਲੰਧਰ ਸਥਿਤ ਡੇਰਾ ਸੱਚਖੰਡ ਬੱਲਾਂ ਜਾ ਕੇ ਮੱਥਾ ਟੇਕਣਗੇ। ਪ੍ਰਧਾਨ ਮੰਤਰੀ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਮੋਡ ‘ਚ ਹਨ।

