ਜਲੰਧਰ :- ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਗਲੇ ਹਫ਼ਤੇ ਪੰਜਾਬ ਦੇ ਦੌਰੇ ’ਤੇ ਪਹੁੰਚਣਗੇ। ਨਿਰਧਾਰਤ ਕਾਰਜਕ੍ਰਮ ਅਨੁਸਾਰ ਉਹ 16 ਜਨਵਰੀ ਨੂੰ ਜਲੰਧਰ ਪੁੱਜਣਗੇ, ਜਿੱਥੇ ਉਹ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨ.ਆਈ.ਟੀ.) ਵਿੱਚ ਹੋਣ ਵਾਲੀ 21ਵੀਂ ਕਨਵੋਕੇਸ਼ਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਡਿਗਰੀਆਂ ਅਤੇ ਸਕਾਲਰਸ਼ਿਪਾਂ ਦੀ ਵੰਡ
ਐਨ.ਆਈ.ਟੀ. ਜਲੰਧਰ ਵਿੱਚ ਆਯੋਜਿਤ ਕਨਵੋਕੇਸ਼ਨ ਦੌਰਾਨ ਰਾਸ਼ਟਰਪਤੀ ਵੱਲੋਂ ਅੰਡਰ ਗ੍ਰੈਜੂਏਟ (2021–25), ਪੋਸਟ ਗ੍ਰੈਜੂਏਟ (2023–25) ਅਤੇ ਪੀ.ਐੱਚ.ਡੀ. ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਸਕਾਲਰਸ਼ਿਪਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਉੱਚ ਸਿੱਖਿਆ ਹਾਸਲ ਕਰ ਚੁੱਕੇ ਵਿਦਿਆਰਥੀਆਂ ਲਈ ਵਿਸ਼ੇਸ਼ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ।
31 ਵਿਦਿਆਰਥੀਆਂ ਨੂੰ ਗੋਲਡ ਮੈਡਲ ਨਾਲ ਸਨਮਾਨ
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਬੈਚਲਰ ਆਫ਼ ਟੈਕਨਾਲੋਜੀ, ਮਾਸਟਰ ਆਫ਼ ਟੈਕਨਾਲੋਜੀ, ਮਾਸਟਰ ਆਫ਼ ਸਾਇੰਸ ਅਤੇ ਮਾਸਟਰ ਆਫ਼ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਦੇ ਵੱਖ-ਵੱਖ ਕੋਰਸਾਂ ਵਿੱਚ ਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ 31 ਵਿਦਿਆਰਥੀਆਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਐਨ.ਆਈ.ਟੀ. ਲਈ ਇਤਿਹਾਸਕ ਪਲ
ਦ੍ਰੋਪਦੀ ਮੁਰਮੂ ਐਨ.ਆਈ.ਟੀ. ਜਲੰਧਰ ਦਾ ਦੌਰਾ ਕਰਨ ਵਾਲੀ ਦੂਜੀ ਰਾਸ਼ਟਰਪਤੀ ਹੋਣਗੇ। ਇਸ ਤੋਂ ਪਹਿਲਾਂ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਡਾ. ਏ.ਪੀ.ਜੇ. ਅਬਦੁਲ ਕਲਾਮ ਨੇ ਸੰਸਥਾ ਦਾ ਦੌਰਾ ਕੀਤਾ ਸੀ। ਰਾਸ਼ਟਰਪਤੀ ਦੀ ਆਮਦ ਨੂੰ ਲੈ ਕੇ ਸੰਸਥਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

