ਚੰਡੀਗੜ੍ਹ :- ਕੰਪਿਊਟਰ ਯੁੱਗ ਦੇ ਨਾਲ ਕਦਮ ਮਿਲਾਉਂਦੇ ਹੋਏ ਪੰਜਾਬ ਰਾਜ ਬਿਜਲੀ ਨਿਗਮ (ਪਾਵਰਕਾਮ) ਨੇ ਬਿਜਲੀ ਬਿੱਲ ਜਾਰੀ ਕਰਨ ਲਈ ਪਰੰਪਰਾਗਤ ਹੱਥੀਂ ਬਣਾਉਣ ਵਾਲੇ ਤਰੀਕੇ ਦੀ ਥਾਂ ਹੁਣ ਏ.ਆਈ. ਸਕੈਨਿੰਗ ‘ਐਪ’ ਤਕਨਾਲੋਜੀ ਦੀ ਸ਼ੁਰੂਆਤ ਕੀਤੀ ਹੈ। ਇਹ ਨਵੀਂ ਪ੍ਰਣਾਲੀ ਪੰਜਾਬ ਸਰਕਾਰ ਅਤੇ ਪਾਵਰਕਾਮ ਵੱਲੋਂ ਖਪਤਕਾਰਾਂ ਨੂੰ ਪਾਰਦਰਸ਼ੀ ਸੇਵਾਵਾਂ ਦੇਣ ਅਤੇ ਵਿਭਾਗ ਦੇ ਅੰਦਰਲੇ ਭ੍ਰਿਸ਼ਟਾਚਾਰ ‘ਤੇ ਰੋਕ ਲਗਾਉਣ ਲਈ ਅਪਣਾਈ ਗਈ ਹੈ।
ਰਿਸ਼ਵਤਖੋਰ ਕਰਮਚਾਰੀਆਂ ‘ਤੇ ਸਖ਼ਤੀ
ਪਹਿਲਾਂ ਮੀਟਰ ਰੀਡਰ ਖਪਤਕਾਰਾਂ ਨਾਲ ਸੌਦੇਬਾਜ਼ੀ ਕਰਕੇ ਬਿੱਲਾਂ ਵਿੱਚ ਯੂਨਿਟਾਂ ਦੀ ਹੇਰਾਫੇਰੀ ਕਰਦੇ ਸਨ। ਕਈ ਵਾਰ ਬਿੱਲਾਂ ਨੂੰ ਜਾਣ-ਬੁੱਝ ਕੇ ਵਧਾ ਕੇ ਤਿਆਰ ਕੀਤਾ ਜਾਂਦਾ ਸੀ, ਜਿਸ ਨਾਲ ਖਪਤਕਾਰਾਂ ਨੂੰ ਵਾਧੂ ਰਕਮ ਭਰਨੀ ਪੈਂਦੀ ਸੀ ਅਤੇ ਕਰਮਚਾਰੀ ਰਿਸ਼ਵਤ ਲੈ ਕੇ ਲਾਭ ਲੈਂਦੇ ਸਨ। ਇਸ ਕਾਰਨ ਪਾਵਰਕਾਮ ਨੂੰ ਵੀ ਭਾਰੀ ਵਿੱਤੀ ਨੁਕਸਾਨ ਝੱਲਣਾ ਪੈਂਦਾ ਸੀ। ਨਵੇਂ ਏ.ਆਈ. ਐਪ ਰਾਹੀਂ ਇਹ ਧੋਖਾਧੜੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ।
ਖਪਤਕਾਰਾਂ ਨੂੰ ਮਿਲੇਗੀ ਲਾਈਵ ਸਕੈਨਿੰਗ ਦੀ ਸਹੂਲਤ
ਨਵੀਂ ਪ੍ਰਕਿਰਿਆ ਅਨੁਸਾਰ ਹੁਣ ਹਰ ਖਪਤਕਾਰ ਦਾ ਬਿੱਲ ਉਸਦੇ ਮੀਟਰ ਦੀ ਲਾਈਵ ਏ.ਆਈ. ਸਕੈਨਿੰਗ ਤੋਂ ਬਾਅਦ ਹੀ ਤਿਆਰ ਹੋਵੇਗਾ। ਪਹਿਲਾਂ ਜਿੱਥੇ ਮੈਨੂਅਲ ਰੀਡਿੰਗ ਲੈ ਕੇ ਬਿੱਲ ਜਾਰੀ ਕਰਨ ਵਿੱਚ ਕੇਵਲ 30 ਸਕਿੰਟ ਲੱਗਦੇ ਸਨ, ਹੁਣ ਏ.ਆਈ. ਸਕੈਨਿੰਗ ਐਪ ਨਾਲ ਬਿੱਲ ਤਿਆਰ ਕਰਨ ਲਈ 3 ਤੋਂ 5 ਮਿੰਟ ਲੱਗਣਗੇ। ਹਾਲਾਂਕਿ ਸਮਾਂ ਵੱਧ ਲੱਗੇਗਾ, ਪਰ ਇਸ ਨਾਲ ਖਪਤਕਾਰਾਂ ਨੂੰ ਸਹੀ ਯੂਨਿਟਾਂ ਦੇ ਆਧਾਰ ‘ਤੇ ਪੂਰੀ ਪਾਰਦਰਸ਼ਤਾ ਨਾਲ ਬਿੱਲ ਜਾਰੀ ਹੋਣਗੇ।
ਭ੍ਰਿਸ਼ਟਾਚਾਰ ‘ਤੇ ਅੰਕੁਸ਼ ਅਤੇ ਪਾਰਦਰਸ਼ਤਾ ਵਧੇਗੀ
ਇਹ ਨਵੀਂ ਪ੍ਰਣਾਲੀ ਰਿਸ਼ਵਤਖੋਰੀ ਤੇ ਨਾਜਾਇਜ਼ ਲਾਭ ਖੋਜਣ ਵਾਲੇ ਕਰਮਚਾਰੀਆਂ ਲਈ ਵੱਡਾ ਝਟਕਾ ਹੈ। ਖਪਤਕਾਰਾਂ ਲਈ ਇਹ ਇੱਕ ਵੱਡੀ ਰਾਹਤ ਸਾਬਤ ਹੋਵੇਗੀ ਕਿਉਂਕਿ ਹੁਣ ਉਨ੍ਹਾਂ ਨੂੰ ਗਲਤ ਬਿੱਲਾਂ ਅਤੇ ਵਾਧੂ ਯੂਨਿਟਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਇਸ ਨੀਤੀ ਨਾਲ ਵਿਭਾਗ ਦੀ ਇਮਾਨਦਾਰੀ ਅਤੇ ਖਪਤਕਾਰਾਂ ਦਾ ਵਿਸ਼ਵਾਸ ਦੋਵੇਂ ਵਧਣਗੇ।