ਮਾਲੇਰਕੋਟਲਾ :- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ‘ਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੀ ਪਹਲ ਕੀਤੀ ਗਈ। ਜਲੰਧਰ ਤੋਂ 5016 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਗਿਆ, ਜਿਸੇ ਤਹਿਤ ਮਾਲੇਰਕੋਟਲਾ ਵਿਖੇ ਵੀ 72 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਸਪਲਾਈ ਸੁਧਾਰ ਪ੍ਰੋਜੈਕਟ ਦੀ ਸ਼ੁਰੂਆਤ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੱਲੋਂ ਕੀਤੀ ਗਈ। ਇਸ ਮੌਕੇ “ਰੋਸ਼ਨ ਪੰਜਾਬ, ਹੁਣ ਪਾਵਰ ਕੱਟ ਤੋਂ ਮੁਕਤੀ” ਸਮਾਗਮ ਦੀ ਜਲੰਧਰ ਤੋਂ ਲਾਈਵ ਸਟ੍ਰੀਮਿੰਗ ਵੀ ਕੀਤੀ ਗਈ।
ਬਿਜਲੀ ਸਪਲਾਈ ਸੁਧਾਰ ਵੱਲ ਮਹੱਤਵਪੂਰਨ ਕਦਮ: ਵਿਧਾਇਕ ਡਾ. ਜਮੀਲ ਉਰ ਰਹਿਮਾਨ
ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕ ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ ਇਹ ਵਿਕਾਸ ਕਾਰਜ ਮਾਲੇਰਕੋਟਲਾ ਖੇਤਰ ਵਿੱਚ ਬਿਜਲੀ ਸਪਲਾਈ ਦੀ ਭਰੋਸੇਯੋਗਤਾ ਅਤੇ ਗੁਣਵੱਤਾ ਵਿੱਚ ਵਾਧਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਨਿਰਧਾਰਿਤ ਸਮੇਂ ਵਿੱਚ ਪੂਰੇ ਹੋਣਗੇ ਅਤੇ ਇਸ ਨਾਲ ਖਪਤਕਾਰਾਂ ਨੂੰ ਨਿਰਵਿਘਨ ਤੇ ਸਥਿਰ ਵੋਲਟੇਜ ਵਾਲੀ ਬਿਜਲੀ ਮਿਲੇਗੀ। ਵਿਧਾਇਕ ਨੇ ਕਿਹਾ ਕਿ ਰਾਜ ਸਰਕਾਰ ਦਾ ਮਕਸਦ ਹਰ ਘਰ, ਖੇਤ ਅਤੇ ਉਦਯੋਗ ਤੱਕ ਭਰੋਸੇਯੋਗ ਬਿਜਲੀ ਪਹੁੰਚਾਉਣਾ ਹੈ, ਤੇ ਇਹ ਪ੍ਰੋਜੈਕਟ ਇਸ ਦਿਸ਼ਾ ਵਿੱਚ ਇਕ ਮੀਲ ਦਾ ਪੱਥਰ ਸਾਬਤ ਹੋਣਗੇ।
ਮਾਲੇਰਕੋਟਲਾ ਵਿੱਚ 72 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਵਿਸਥਾਰਿਤ ਜਾਣਕਾਰੀ
ਵਧੀਕ ਨਿਗਰਾਨ ਇੰਜੀ. ਹਰਵਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ ਮਾਲੇਰਕੋਟਲਾ ਵਿੱਚ 11 ਕੇ.ਵੀ. ਫੀਡਰਾਂ ਨੂੰ ਡੀਲੋਡ ਕਰਨ ਲਈ ਨਵੇਂ ਫੀਡਰਾਂ ਦੀ ਉਸਾਰੀ ’ਤੇ 32 ਕਰੋੜ 50 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਨਵੇਂ ਟਰਾਂਸਫਾਰਮਰਾਂ ਦੀ ਸਥਾਪਨਾ ਅਤੇ ਮੌਜੂਦਾ ਦੀ ਸਮਰੱਥਾ ਵਧਾਉਣ ਲਈ 5 ਕਰੋੜ ਰੁਪਏ ਤੋਂ ਵੱਧ ਖਰਚੇ ਜਾਣਗੇ। ਇੰਡਸਟਰੀਅਲ ਏਰੀਆ ਵਿੱਚ ਨਵੇਂ 66 ਕੇ.ਵੀ. ਗਰਿੱਡ ਸਬ ਸਟੇਸ਼ਨ ਲਈ 10 ਕਰੋੜ ਰੁਪਏ ਤੋਂ ਵੱਧ ਦੀ ਰਕਮ ਰਾਖਵੀਂ ਕੀਤੀ ਗਈ ਹੈ।
ਇਸੇ ਤਰ੍ਹਾਂ, ਨਵੀਆਂ 66 ਕੇ.ਵੀ. ਲਾਈਨਾਂ ਦੀ ਉਸਾਰੀ ਅਤੇ ਪੁਰਾਣੀਆਂ ਦੀ ਸਮਰੱਥਾ ਵਧਾਉਣ ਲਈ 13 ਕਰੋੜ 30 ਲੱਖ ਰੁਪਏ, ਜਦਕਿ ਪਾਵਰ ਟਰਾਂਸਫਾਰਮਰਾਂ ਦੀ ਸਮਰੱਥਾ ਵਧਾਉਣ ਲਈ 10 ਕਰੋੜ 60 ਲੱਖ ਰੁਪਏ ਖਰਚੇ ਜਾਣਗੇ।