ਚੰਡੀਗੜ :- ਪੌਂਗ ਡੈਮ ਦਾ ਪਾਣੀ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਹੈ, ਜਿਸ ਕਾਰਨ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਪਾਣੀ ਦੇ ਪੱਧਰ ਵਿੱਚ 3 ਫੁੱਟ ਦਾ ਵਾਧਾ ਦਰਜ ਕੀਤਾ ਗਿਆ। ਇਸ ਮੱਦੇਨਜ਼ਰ ਡੈਮ ਪ੍ਰਸ਼ਾਸਨ ਨੇ ਪਹਿਲਾਂ ਛੱਡੇ ਜਾ ਰਹੇ ਪਾਣੀ ਵਿੱਚ 6000 ਕਿਊਸਿਕ ਦਾ ਵਾਧਾ ਕਰ ਦਿੱਤਾ ਹੈ। ਹੁਣ ਵੱਧ ਤੋਂ ਵੱਧ 75,000 ਕਿਊਸਿਕ ਪਾਣੀ ਛੱਡਣ ਬਾਰੇ ਅਗਾਹੀ ਜਾਰੀ ਕੀਤੀ ਗਈ ਹੈ।
ਬੀਬੀਐਮਬੀ ਦੇ ਵਧੀਕ ਨਿਗਰਾਨ ਇੰਜੀਨੀਅਰ (ਵਾਟਰ ਰੈਗੂਲੇਸ਼ਨ ਸੈਲ, ਤਲਵਾੜਾ) ਵੱਲੋਂ ਜਾਰੀ ਪੱਤਰ ਅਨੁਸਾਰ, ਹਿਮਾਚਲ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਡੈਮ ਵਿੱਚ ਪਾਣੀ ਦੀ ਆਮਦ ਵਧ ਗਈ ਹੈ। ਇਸ ਕਰਕੇ ਵਾਧੂ ਪਾਣੀ ਹੇਠਾਂ ਛੱਡਣਾ ਪੈ ਰਿਹਾ ਹੈ, ਜੋ ਸਮਰੱਥਾ ਅਨੁਸਾਰ ਵਧਾਇਆ ਜਾਵੇਗਾ।
ਭਾਖੜਾ ਡੈਮ ਵੀ ਖ਼ਤਰੇ ਦੇ ਨਜ਼ਦੀਕ
ਭਾਖੜਾ ਡੈਮ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਚੜ੍ਹ ਰਿਹਾ ਹੈ। ਇਸ ਵੇਲੇ ਪਾਣੀ ਦਾ ਪੱਧਰ 1665 ਫੁੱਟ ਦਰਜ ਕੀਤਾ ਗਿਆ ਹੈ, ਜੋ ਖ਼ਤਰੇ ਦੇ ਨਿਸ਼ਾਨ ਤੋਂ 15 ਫੁੱਟ ਘੱਟ ਹੈ।
ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 1715 ਫੁੱਟ ਦਰਜ ਕੀਤਾ ਗਿਆ ਹੈ, ਜਦਕਿ ਖ਼ਤਰੇ ਦਾ ਨਿਸ਼ਾਨ 1730 ਫੁੱਟ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਹਿਮਾਚਲ ਵਿੱਚ ਮੀਂਹ ਅਗਲੇ ਦਿਨਾਂ ਵਿੱਚ ਵੀ ਜਾਰੀ ਰਿਹਾ, ਤਾਂ ਪੰਜਾਬ ਲਈ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।