ਚੰਡੀਗੜ੍ਹ :- ਇੰਦਰਪ੍ਰੀਤ ਸਿੰਘ ਪੈਰੀ ਕਤਲ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜ਼ਿਲ੍ਹਾ ਕ੍ਰਾਈਮ ਸੈੱਲ ਨੇ ਖਰੜ ਵਾਸੀ ਰਾਹੁਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ’ਤੇ ਦੋਸ਼ ਹੈ ਕਿ ਉਸਨੇ ਕਤਲ ਵਿੱਚ ਸ਼ਾਮਲ ਸ਼ੂਟਰਾਂ ਨੂੰ ਕਰੇਟਾ ਕਾਰ ਪ੍ਰਦਾਨ ਕੀਤੀ ਸੀ। ਇਹ ਕਾਰ ਵਾਰਦਾਤ ਦੇ ਸਮੇਂ ਹਮਲਾਵਰਾਂ ਦੇ ਉਪਯੋਗ ਵਿੱਚ ਆਈ ਸੀ।
ਤਕਨੀਕੀ ਸਰਵਿਲਾਂਸ ਨਾਲ ਪੁਲਿਸ ਦੀ ਪਹੁੰਚ
ਸੂਤਰਾਂ ਅਨੁਸਾਰ ਪੁਲਿਸ ਨੇ ਤਕਨੀਕੀ ਨਿਗਰਾਨੀ ਅਤੇ ਗੁਪਤ ਇਨਪੁੱਟ ਦੀ ਮਦਦ ਨਾਲ ਰਾਹੁਲ ਦੀ ਲੋਕੇਸ਼ਨ ਟਰੇਸ ਕੀਤੀ। ਇਸ ਤੋਂ ਬਾਅਦ ਖਰੜ ਵਿੱਚ ਟੀਮ ਨੇ ਉਸਨੂੰ ਕਾਬੂ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਪੁੱਛਗਿੱਛ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਰਾਹੁਲ ਸਿਰਫ ਵਾਹਨ ਦਿੰਨ ਤੱਕ ਹੀ ਸੀਮਿਤ ਸੀ ਜਾਂ ਪੂਰੀ ਸਾਜ਼ਿਸ਼ ਦਾ ਹਿੱਸਾ ਵੀ ਬਣਿਆ ਹੋਇਆ ਸੀ।
ਸੈਕਟਰ-26 ਵਿੱਚ ਤਾਬੜਤੋੜ ਹਮਲੇ ਨਾਲ ਪੈਰੀ ਦੀ ਮੌਤ
ਯਾਦ ਰਹੇ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਅਤੇ ਸੈਕਟਰ-33 ਵਾਸੀ ਇੰਦਰਪ੍ਰੀਤ ਸਿੰਘ ਪੈਰੀ ਦਾ ਕੁਝ ਦਿਨ ਪਹਿਲਾਂ ਸੈਕਟਰ-26 ਟਿੰਬਰ ਮਾਰਕਿਟ ਵਿੱਚ ਬੇਰਹਿਮੀਂ ਕਤਲ ਕਰ ਦਿੱਤਾ ਗਿਆ ਸੀ। ਪੈਰੀ ਤੇਜ਼ ਰਫ਼ਤਾਰ ਨਾਲ ਟਿੰਬਰ ਮਾਰਕਿਟ ਪਹੁੰਚਿਆ ਹੀ ਸੀ ਕਿ ਪਿੱਛੇ ਆ ਰਹੀ ਕਰੇਟਾ ਨੇ ਉਸਦੀ ਗੱਡੀ ਰੋਕ ਕੇ ਤੁਰੰਤ ਫਾਇਰਿੰਗ ਸ਼ੁਰੂ ਕਰ ਦਿੱਤੀ।
ਹਮਲਾਵਰਾਂ ਨੇ ਦਸ ਗੋਲੀਆਂ ਚਲਾ ਕੇ ਕੀਤਾ ਖ਼ਤਮ
ਤਿੰਨ ਸ਼ੂਟਰਾਂ ਨੇ ਲਗਾਤਾਰ ਦਸ ਗੋਲੀਆਂ ਚਲਾਉਂਦਿਆਂ ਪੈਰੀ ਨੂੰ ਮੌਕਾ-ਏ-ਵਾਰਦਾਤ ’ਤੇ ਹੀ ਢੇਰ ਕਰ ਦਿੱਤਾ। ਹਮਲਾਵਰਾਂ ਨੇ ਪੈਰੀ ਨੂੰ ਆਪਣੀ ਗੱਡੀ ਦੀ ਖਿੜਕੀ ਖੋਲ੍ਹਣ ਤੱਕ ਦਾ ਸਮਾਂ ਵੀ ਨਹੀਂ ਦਿੱਤਾ। ਇਹ ਸੁਚੋਚਤ ਹਮਲਾ ਕਾਫੀ ਸਮੇਂ ਤੋਂ ਬਣ ਰਹੀ ਯੋਜਨਾ ਦਾ ਨਤੀਜਾ ਮੰਨਿਆ ਜਾ ਰਿਹਾ ਹੈ।
ਜਾਂਚ ਦੀ ਦਿਸ਼ਾ ਹੋਰ ਸਪੱਸ਼ਟ
ਰਾਹੁਲ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੂੰ ਕਤਲ ਦੀ ਪੂਰੀ ਚੇਨ ਸਮਝਣ ਵਿੱਚ ਮਦਦ ਮਿਲਣ ਦੀ ਉਮੀਦ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਰਾਹੁਲ ਤੋਂ ਮਿਲਣ ਵਾਲੀ ਜਾਣਕਾਰੀ ਅੱਗੇ ਹੋਰ ਗ੍ਰਿਫ਼ਤਾਰੀਆਂ ਦਾ ਰਾਹ ਖੋਲ੍ਹ ਸਕਦੀ ਹੈ।

