ਕਪੂਰਥਲਾ :- ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਇਲਾਕੇ ਵਿੱਚ ਅੱਜ ਸਵੇਰੇ ਪੁਲਿਸ ਅਤੇ ਇੱਕ ਖ਼ਤਰਨਾਕ ਗੈਂਗਸਟਰ ਵਿਚਾਲੇ ਮੁਠਭੇੜ ਹੋਈ। ਘਟਨਾ ਕਪੂਰਥਲਾ–ਸੁਲਤਾਨਪੁਰ ਲੋਧੀ ਮਾਰਗ ‘ਤੇ ਪਿੰਡ ਝੱਲਲਈਵਾਲਾ ਦੇ ਨੇੜੇ ਵਾਪਰੀ। ਪੁਲਿਸ ਵੱਲੋਂ ਰੁਟੀਨ ਚੈਕਿੰਗ ਦੌਰਾਨ ਜਦੋਂ ਮੁਲਜ਼ਮ ਨੂੰ ਰੋਕ ਕੇ ਪੁੱਛਗਿੱਛ ਸ਼ੁਰੂ ਕੀਤੀ ਗਈ, ਤਾਂ ਉਸਨੇ ਅਚਾਨਕ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾ ਦਿੱਤੀਆਂ। ਖੁਸ਼ਕਿਸਮਤੀ ਨਾਲ ਕੋਈ ਵੀ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ, ਜਿਸ ਦੌਰਾਨ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ।
ਪੰਜ ਮਾਮਲਿਆਂ ਵਿੱਚ ਨਾਮਜ਼ਦ, ਮੋਟਰਸਾਈਕਲ ਅਤੇ ਪਿਸਟਲ ਬਰਾਮਦ
ਜ਼ਖਮੀ ਮੁਲਜ਼ਮ ਦੀ ਪਹਿਚਾਣ ਬਲਵਿੰਦਰ ਸਿੰਘ ਉਰਫ਼ ਬਿੱਲਾ ਵਜੋਂ ਹੋਈ ਹੈ, ਜੋ ਪਿੰਡ ਜੱਬੋਵਾਲ, ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਹੈ। ਐਸਐਸਪੀ ਕਪੂਰਥਲਾ ਗੌਰਵ ਤੂਰਾ ਅਨੁਸਾਰ, ਬਲਵਿੰਦਰ ਸਿੰਘ ਉੱਤੇ ਕਤਲ, ਇਰਾਦਾ ਕਤਲ ਅਤੇ ਪੁਲਿਸ ‘ਤੇ ਹਮਲੇ ਸਮੇਤ ਪੰਜ ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਉਹ ਕਾਫ਼ੀ ਸਮੇਂ ਤੋਂ ਪੁਲਿਸ ਨੂੰ ਚਾਹੀਦਾ ਸੀ ਅਤੇ ਇੱਕ ਕਤਲ ਦੇ ਮਾਮਲੇ ‘ਚ ਫਰਾਰ ਸੀ।
ਮੌਕੇ ‘ਤੇ ਪੁਲਿਸ ਨੇ ਮੁਲਜ਼ਮ ਦਾ ਮੋਟਰਸਾਈਕਲ ਅਤੇ ਵਾਰਦਾਤ ਵਿੱਚ ਵਰਤੀ ਗਈ ਪਿਸਟਲ ਕਬਜ਼ੇ ‘ਚ ਲੈ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਅਪਰਾਧੀਆਂ ‘ਤੇ ਸਖ਼ਤ ਕਾਰਵਾਈ ਜਾਰੀ ਰਹੇਗੀ ਤਾਂ ਜੋ ਇਲਾਕੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖੀ ਜਾ ਸਕੇ।