ਨਵਾਂਸ਼ਹਿਰ :- 28 ਦਸੰਬਰ ਨੂੰ ਨਵਾਂਸ਼ਹਿਰ ਦੇ ਮਸ਼ਹੂਰ ਵਰਮਾ ਕੁਲੈਕਸਨ ’ਤੇ ਗੋਲੀ ਚਲਾਉਣ ਦੀ ਨਾਕਾਮ ਕੋਸ਼ਿਸ਼ ਦੇ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲਿਆ, ਜਦੋਂ ਪੁਲਿਸ ਨੇ ਪਿੰਡ ਕਰੀਹਾ ਨੇੜੇ ਨਹਿਰ ਦੇ ਕੰਢੇ ਇੱਕ ਦੋਸ਼ੀ ਨੂੰ ਮੁਕਾਬਲੇ ਦੌਰਾਨ ਜ਼ਖ਼ਮੀ ਹਾਲਤ ਵਿਚ ਕਾਬੂ ਕਰ ਲਿਆ।
ਪੁਲਿਸ ਕਾਰਵਾਈ ਦੌਰਾਨ ਚੱਲੀਆਂ ਗੋਲੀਆਂ
ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਜਦੋਂ ਨਵਾਂਸ਼ਹਿਰ ਪੁਲਿਸ ਨੇ ਸ਼ੱਕੀ ਨੌਜਵਾਨਾਂ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਅਚਾਨਕ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ। ਦੋਸ਼ੀਆਂ ਦੀ ਗੋਲੀ ਪੁਲਿਸ ਵਾਹਨ ਨਾਲ ਟਕਰਾਈ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ।
ਇੱਕ ਦੋਸ਼ੀ ਜ਼ਖ਼ਮੀ, ਹਸਪਤਾਲ ਦਾਖ਼ਲ
ਜਵਾਬੀ ਗੋਲਾਬਾਰੀ ਦੌਰਾਨ ਇੱਕ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ। ਜ਼ਖ਼ਮੀ ਦੀ ਪਛਾਣ ਸੁਖਜਿੰਦਰ, ਵਾਸੀ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ, ਜਿਸਨੂੰ ਇਲਾਜ ਲਈ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਐਸਐਸਪੀ ਦਾ ਬਿਆਨ
ਜ਼ਿਲ੍ਹਾ ਨਵਾਂਸ਼ਹਿਰ ਦੇ ਐਸਐਸਪੀ ਤੁਸ਼ਾਰ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 28 ਦਸੰਬਰ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਵਰਮਾ ਕੁਲੈਕਸਨ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਹਾਲਾਂਕਿ ਗੋਲੀ ਨਾ ਚੱਲਣ ਕਾਰਨ ਵੱਡਾ ਹਾਦਸਾ ਟਲ ਗਿਆ।
ਪੁਰਾਣਾ ਅਪਰਾਧਿਕ ਰਿਕਾਰਡ ਵੀ ਆਇਆ ਸਾਹਮਣੇ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਦੋਸ਼ੀ ਪਹਿਲਾਂ ਵੀ ਕਈ ਗੰਭੀਰ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਰਹੇ ਹਨ। ਇਨ੍ਹਾਂ ਦਾ ਨਾਂ ਕਪੂਰਥਲਾ ਦੇ ਇੱਕ ਪੈਟਰੋਲ ਪੰਪ ’ਤੇ ਹੋਈ ਲੁੱਟ ਅਤੇ ਜਲੰਧਰ ਵਿੱਚ ਸੁਨਿਆਰੇ ਦੀ ਦੁਕਾਨ ’ਚ ਹੋਈ ਡਕੈਤੀ ਨਾਲ ਵੀ ਜੁੜ ਰਿਹਾ ਹੈ।
ਦੋ ਹੋਰ ਦੋਸ਼ੀ ਫਰਾਰ
ਮਾਮਲੇ ਵਿੱਚ ਸ਼ਾਮਲ ਦੋ ਹੋਰ ਦੋਸ਼ੀ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਫਾਇਰਿੰਗ ਦੀ ਮਨਸ਼ਾ ਦੀ ਜਾਂਚ ਜਾਰੀ
ਵਰਮਾ ਕੁਲੈਕਸਨ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਪਿੱਛੇ ਕੀ ਕਾਰਨ ਸਨ ਅਤੇ ਕਿਸ ਦੇ ਇਸ਼ਾਰੇ ’ਤੇ ਇਹ ਵਾਰਦਾਤ ਕੀਤੀ ਗਈ, ਇਸ ਬਾਰੇ ਪੂਰਾ ਖੁਲਾਸਾ ਜ਼ਖ਼ਮੀ ਦੋਸ਼ੀ ਦੀ ਪੁੱਛਗਿੱਛ ਤੋਂ ਬਾਅਦ ਹੀ ਹੋ ਸਕੇਗਾ।

