ਫਾਜਿਲਕਾ :- ਜ਼ਿਲ੍ਹਾ ਫਾਜਿਲਕਾ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਆਰਨੀਵਾਲਾ ਖੇਤਰ ਦੇ ਨਜ਼ਦੀਕ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ। ਇਸ ਦੌਰਾਨ ਪੁਲਿਸ ਦੀ ਗੋਲੀ ਇੱਕ ਵਾਂਟੇਡ ਮੁਲਜ਼ਮ ਦੇ ਪੈਰ ਵਿੱਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ।
ਆਰਨੀਵਾਲਾ ਨੇੜੇ ਹੋਈ ਮੁੱਠਭੇੜ
ਪੁਲਿਸ ਸੂਤਰਾਂ ਮੁਤਾਬਕ ਗੁਪਤ ਸੂਚਨਾ ਦੇ ਆਧਾਰ ’ਤੇ ਟੀਮ ਨੇ ਆਰਨੀਵਾਲਾ ਦੇ ਨੇੜਲੇ ਇਲਾਕੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਪੁਲਿਸ ਨੇ ਇੱਕ ਸ਼ੱਕੀ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ’ਤੇ ਗੋਲੀਆਂ ਚਲਾਈਆਂ ਗਈਆਂ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਵਿੱਚ ਮੁਕਾਬਲਾ ਹੋ ਗਿਆ।
ਵਾਂਟੇਡ ਮੁਲਜ਼ਮ ਦੀ ਹੋਈ ਪਛਾਣ
ਮੁਕਾਬਲੇ ਵਿੱਚ ਜ਼ਖ਼ਮੀ ਹੋਏ ਨੌਜਵਾਨ ਦੀ ਪਛਾਣ ਪ੍ਰਿਤਪਾਲ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਆਰਨੀਵਾਲਾ ਵਜੋਂ ਕੀਤੀ ਗਈ ਹੈ। ਪੁਲਿਸ ਅਨੁਸਾਰ ਉਹ ਇੱਕ ਕਤਲ ਮਾਮਲੇ ਵਿੱਚ ਲੰਬੇ ਸਮੇਂ ਤੋਂ ਵਾਂਟੇਡ ਚੱਲ ਰਿਹਾ ਸੀ ਅਤੇ ਕਈ ਮਹੀਨਿਆਂ ਤੋਂ ਉਸ ਦੀ ਤਲਾਸ਼ ਜਾਰੀ ਸੀ।
ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ
ਮੁਕਾਬਲੇ ਦੌਰਾਨ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ। ਉਸ ਨੂੰ ਤੁਰੰਤ ਕਾਬੂ ਕਰਕੇ ਇਲਾਜ ਲਈ ਫਾਜਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ।
ਫਰੀਦਕੋਟ ਮੈਡੀਕਲ ਕਾਲਜ ਕੀਤਾ ਰੈਫ਼ਰ
ਹਸਪਤਾਲ ਦੇ ਡਾਕਟਰਾਂ ਮੁਤਾਬਕ ਪੁਲਿਸ ਇੱਕ ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਲੈ ਕੇ ਪਹੁੰਚੀ ਸੀ, ਜਿਸ ਦੇ ਪੈਰ ਵਿੱਚ ਗੋਲੀ ਲੱਗੀ ਹੋਈ ਸੀ। ਪ੍ਰਾਇਮਰੀ ਇਲਾਜ ਤੋਂ ਬਾਅਦ ਉਸ ਦੀ ਹਾਲਤ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫ਼ਰ ਕਰ ਦਿੱਤਾ ਗਿਆ ਹੈ।
ਐੱਸਐੱਸਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਦੀ ਸੰਭਾਵਨਾ
ਇਸ ਮੁਕਾਬਲੇ ਸਬੰਧੀ ਅੱਜ ਫਾਜਿਲਕਾ ਦੇ ਐੱਸਐੱਸਪੀ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਪੂਰੇ ਮਾਮਲੇ ਦੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਘਟਨਾ ਸਥਲ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਪੁਲਿਸ ਜਾਂਚ ਜਾਰੀ
ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਦੇ ਅਪਰਾਧਿਕ ਪਿਛੋਕੜ, ਉਸ ਨਾਲ ਜੁੜੇ ਸਾਥੀਆਂ ਅਤੇ ਹਥਿਆਰਾਂ ਦੇ ਸੋਰਸ ਬਾਰੇ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹੋਰ ਖੁਲਾਸੇ ਜਾਂਚ ਪੂਰੀ ਹੋਣ ਤੋਂ ਬਾਅਦ ਕੀਤੇ ਜਾਣਗੇ।

