ਤਰਨਤਾਰਨ :- ਪਿੰਡ ਬਨਵਾਲੀਪੁਰ ਦੀ ਨੌਜਵਾਨ ਕੁੜੀ ਨਵਰੂਪ ਕੌਰ ਦੇ ਕਤਲ ਮਾਮਲੇ ਵਿੱਚ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਨੂੰ ਗਿਰਫ਼ਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਪਾਸੋਂ ਵਾਰਦਾਤ ਦੌਰਾਨ ਵਰਤੀ ਗਈ ਪਿਸਤੌਲ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਈ ਹੈ। ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਦੌਰਾਨ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਆਟੋ ਦੀ ਉਡੀਕ ਕਰ ਰਹੀ ਸੀ ਨਵਰੂਪ ਕੌਰ, ਮੌਕੇ ’ਤੇ ਚਲਾਈ ਗੋਲੀ
ਐੱਸ.ਪੀ ਇਨਵੈਸਟੀਗੇਸ਼ਨ ਰਿਪੂਤਾਪਨ ਸਿੰਘ ਨੇ ਦੱਸਿਆ ਕਿ ਬੀਤੇ ਸ਼ਨੀਵਾਰ ਨਵਰੂਪ ਕੌਰ ਆਪਣੇ ਘਰ ਜਾਣ ਲਈ ਅੱਡੇ ’ਤੇ ਆਟੋ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਪਿੰਡ ਦਾ ਹੀ ਰਹਿਣ ਵਾਲਾ ਅਰਜਨ ਸਿੰਘ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ’ਤੇ ਆਇਆ ਅਤੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਇਲਾਜ ਦੌਰਾਨ ਟੁੱਟਿਆ ਦਮ, ਪੁਲਸ ਨੇ ਤੇਜ਼ ਕੀਤੀ ਜਾਂਚ
ਗੰਭੀਰ ਜ਼ਖ਼ਮੀ ਹਾਲਤ ਵਿੱਚ ਨਵਰੂਪ ਕੌਰ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ 23 ਦਸੰਬਰ ਨੂੰ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਤੋਂ ਬਾਅਦ ਪੁਲਸ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ।
ਜ਼ਬਰਦਸਤੀ ਵਿਆਹ ਲਈ ਬਣਾਇਆ ਦਬਾਅ, ਇਨਕਾਰ ਬਣਿਆ ਕਤਲ ਦੀ ਵਜ੍ਹਾ
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਅਰਜਨ ਸਿੰਘ ਨਵਰੂਪ ਕੌਰ ’ਤੇ ਵਿਆਹ ਲਈ ਦਬਾਅ ਬਣਾਉਂਦਾ ਸੀ। ਉਸਦੇ ਇਨਕਾਰ ਤੋਂ ਬਾਅਦ ਦੋਸ਼ੀ ਨੇ ਗੁੱਸੇ ਅਤੇ ਹਵਸ ਵਿਚ ਆ ਕੇ ਇਸ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ।
ਹਥਿਆਰ ਤੇ ਰੌਂਦ ਬਰਾਮਦ, ਸਾਥੀ ਦੀ ਭਾਲ ਜਾਰੀ
ਡੀ.ਐੱਸ.ਪੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਦੀ ਅਗਵਾਈ ਹੇਠ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਅਤੇ ਪੁਲਸ ਟੀਮ ਨੇ ਕਾਰਵਾਈ ਕਰਦਿਆਂ ਮੁੱਖ ਦੋਸ਼ੀ ਨੂੰ ਕਾਬੂ ਕੀਤਾ। ਉਸ ਪਾਸੋਂ 9 ਐੱਮ.ਐੱਮ. ਦੀ ਪਿਸਤੌਲ, ਤਿੰਨ ਜ਼ਿੰਦਾ ਰੌਂਦ ਅਤੇ ਮੋਟਰਸਾਈਕਲ ਬਰਾਮਦ ਹੋਈ ਹੈ। ਪੁਲਸ ਨੇ ਦੱਸਿਆ ਕਿ ਫਰਾਰ ਸਾਥੀ ਨੂੰ ਵੀ ਜਲਦ ਗਿਰਫ਼ਤਾਰ ਕਰ ਲਿਆ ਜਾਵੇਗਾ।