ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਭੂਮਿਕਾ ਅਤੇ ਇਸ ਦੀ ਮਰਿਆਦਾ ਨੂੰ ਲੈ ਕੇ ਅਹਿਮ ਟਿੱਪਣੀ ਕਰਦਿਆਂ ਕਿਹਾ ਹੈ ਕਿ ਤਖ਼ਤ ਸਾਹਿਬ ਕਿਸੇ ਇਕ ਧੜੇ, ਵਿਅਕਤੀ ਜਾਂ ਸਿਆਸੀ ਏਜੰਡੇ ਲਈ ਨਹੀਂ, ਸਗੋਂ ਪੂਰੇ ਸਿੱਖ ਪੰਥ ਦੀ ਅਗਵਾਈ ਕਰਨ ਵਾਲਾ ਕੇਂਦਰ ਹੈ।
ਜਥੇਦਾਰ ਦਾ ਕਿਰਦਾਰ ਪੰਥਕ ਹੋਵੇ, ਵਿਅਕਤੀਗਤ ਨਹੀਂ
ਸੰਧਵਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਸਥਿਤੀ ਤੋਂ ਬਚਣ, ਜਿੱਥੇ ਤਖ਼ਤ ਸਾਹਿਬ ਦੇ ਫ਼ੈਸਲੇ ਕਿਸੇ ਖ਼ਾਸ ਵਰਗ ਜਾਂ ਗੁਨਾਹ ਕਬੂਲ ਕਰਨ ਵਾਲੇ ਲੋਕਾਂ ਦੇ ਹੱਕ ਵਿੱਚ ਬੁਲਾਰੇ ਵਾਂਗ ਨਜ਼ਰ ਆਉਣ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਦੀ ਭੂਮਿਕਾ ਪੂਰੇ ਪੰਥ ਲਈ ਨਿਆਂਕ ਅਤੇ ਨਿਰਪੱਖ ਹੋਣੀ ਚਾਹੀਦੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉੱਚੀ ਪਦਵੀ ਨਾਲ ਹੋਇਆ ਹੈ ਸਮਝੌਤਾ
ਸਪੀਕਰ ਨੇ ਕਿਹਾ ਕਿ ਜਥੇਦਾਰ ਦੀ ਪਦਵੀ ਸਿੱਖ ਇਤਿਹਾਸ ਵਿੱਚ ਸਭ ਤੋਂ ਉੱਚੀ ਮੰਨੀ ਜਾਂਦੀ ਹੈ, ਪਰ ਪਿਛਲੇ ਸਮੇਂ ਦੌਰਾਨ ਐੱਸ.ਜੀ.ਪੀ.ਸੀ. ’ਤੇ ਕਾਬਜ਼ ਤਾਕਤਾਂ ਵੱਲੋਂ ਇਸ ਅਹੁਦੇ ਨੂੰ ਸਿਆਸੀ ਲਾਭ ਲਈ ਵਰਤਣ ਕਾਰਨ ਤਖ਼ਤ ਸਾਹਿਬ ਦੀ ਮਰਿਆਦਾ ’ਤੇ ਸਵਾਲ ਖੜ੍ਹੇ ਹੋਏ ਹਨ।
ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਮਾਮਲਿਆਂ ’ਚ ਨਰਮੀ ਨਹੀਂ ਚਲ ਸਕਦੀ
ਸੰਧਵਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨਾਲ ਜੁੜੇ ਮਾਮਲੇ ਸਿਰਫ਼ ਕਾਨੂੰਨੀ ਨਹੀਂ, ਸਗੋਂ ਪੰਥਕ ਅਸੂਲਾਂ ਨਾਲ ਜੁੜੇ ਹਨ। ਅਜਿਹੇ ਮਾਮਲਿਆਂ ਵਿੱਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਹ ਕੋਈ ਵੀ ਹੋਣ।
ਇਤਿਹਾਸ ਤੋਂ ਸਿੱਖਣ ਦੀ ਲੋੜ
ਉਨ੍ਹਾਂ ਆਖਿਆ ਕਿ ਅਜਿਹੇ ਸੰਵੇਦਨਸ਼ੀਲ ਦੌਰ ਵਿੱਚ ਜਥੇਦਾਰ ਫੂਲਾ ਸਿੰਘ ਜੀ ਵਰਗੇ ਨਿਡਰ ਅਤੇ ਇਨਸਾਫ਼ਪਸੰਦ ਨੇਤ੍ਰਿਤਵ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਹੈ, ਜਿਨ੍ਹਾਂ ਨੇ ਸੱਤਾ ਜਾਂ ਦਬਾਅ ਦੀ ਪਰਵਾਹ ਕੀਤੇ ਬਿਨਾਂ ਪੰਥਕ ਫ਼ੈਸਲੇ ਲਏ।
ਮੁੱਖ ਮੰਤਰੀ ਨੂੰ ਤਲਬ ਕਰਨ ਮਾਮਲੇ ਨਾਲ ਜੁੜੀ ਹੈ ਪਿਛੋਕੜ
ਜ਼ਿਕਰਯੋਗ ਹੈ ਕਿ ਸਪੀਕਰ ਸੰਧਵਾਂ ਦੀ ਇਹ ਪ੍ਰਤੀਕਿਰਿਆ ਉਸ ਮਗਰੋਂ ਸਾਹਮਣੇ ਆਈ, ਜਦੋਂ ਕਾਰਜਕਾਰੀ ਜਥੇਦਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ 15 ਜਨਵਰੀ ਨੂੰ ਅਕਾਲ ਤਖ਼ਤ ਸਕੱਤਰੇਤ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਸੀ। ਇਸ ’ਤੇ ਮੁੱਖ ਮੰਤਰੀ ਨੇ ਸਾਫ਼ ਕਿਹਾ ਸੀ ਕਿ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਉਨ੍ਹਾਂ ਲਈ ਸਰ ਮੱਥੇ ਹੈ।

