ਲੁਧਿਆਣਾ :- ਲੁਧਿਆਣਾ ਸ਼ਹਿਰ ਵਿੱਚ ਇੱਕ ਪਕੌੜੇ ਵਾਲੇ ਵੱਲੋਂ ਕੀਤਾ ਗਿਆ ਹੈਰਾਨੀਜਨਕ ਪ੍ਰਯੋਗ ਲੋਕਾਂ ਦੀ ਸਿਹਤ ਲਈ ਵੱਡਾ ਖ਼ਤਰਾ ਬਣ ਸਕਦਾ ਸੀ। ਗਿੱਲ ਰੋਡ ‘ਤੇ ਸਥਿਤ ਜਸਪਾਲ ਸਿੰਘ ਦੀ ਦੁਕਾਨ ਹੈ। ਉਹ ਉਬਲਦੇ ਰਿਫਾਇੰਡ ਤੇਲ ਦੇ ਭਰੇ ਪੈਨ ਵਿੱਚ ਸਿੱਧੇ ਸੀਲਬੰਦ ਰਿਫਾਇੰਡ ਪੈਕੇਟ ਸੁੱਟਦਾ ਦਿਖਾਈ ਦਿੱਤਾ। ਉਨ੍ਹਾਂ ਪੈਕੇਟਾਂ ਦੇ ਖੁਲ੍ਹਦੇ ਹੀ ਉਹਨਾਂ ਦਾ ਤੇਲ ਦੇ ਨਾਲ ਨਾਲ ਪੈਕੇਟ ਦਾ ਪਲਾਸਟਿਕ ਵੀ ਪੈਨ ਵਿੱਚ ਮਿਲ ਜਾਂਦਾ ਹੈ ਤੇ ਉਹ ਪਕੌੜੇ ਤਲਣੇ ਸ਼ੁਰੂ ਕਰ ਦਿੰਦਾ ਹੈ।
ਵੀਡੀਓ ਨਾਲ ਭਖਿਆ ਮਾਮਲਾ
ਇਹ ਸਾਰਾ ਮਾਮਲਾ 51 ਸਕਿੰਟ ਦੀ ਇੱਕ ਵੀਡੀਓ ਰਾਹੀਂ ਸਾਹਮਣੇ ਆਇਆ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਵਿੱਚ ਇੱਕ ਫੂਡ ਬਲੌਗਰ ਜਸਪਾਲ ਨੂੰ “ਖਤਰਨਾਕ ਤਰੀਕੇ” ਨਾਲ ਤੇਲ ਖੋਲ੍ਹਣ ਬਾਰੇ ਗੱਲ ਕਰਦਾ ਹੈ। ਇਸ ਤੋਂ ਬਾਅਦ ਜਸਪਾਲ ਪੰਜ ਪੈਕੇਟ ਇਕਠੇ ਪੈਨ ਵਿੱਚ ਸੁੱਟਦਾ ਹੈ, ਜੋ ਕੁਝ ਸਕਿੰਟਾਂ ਵਿੱਚ ਖੁੱਲ੍ਹ ਜਾਂਦੇ ਹਨ। ਬਲੌਗਰ ਫਿਰ ਕਹਿੰਦਾ ਹੈ ਕਿ “ਇਹ ਪਲਾਸਟਿਕ ਤੇਲ ਵਿੱਚ ਹੀ ਪਿਘਲ ਜਾਂਦਾ ਹੈ”। ਫਿਰ ਜਸਪਾਲ ਮੁਸਕਰਾਉਂਦਿਆਂ ਪਕੌੜੇ ਤਲਣ ਲੱਗ ਪੈਂਦਾ ਹੈ ਅਤੇ ਮਜ਼ਾਕ ਵਿੱਚ “ਪਲਾਸਟਿਕ ਵਾਲੇ ਪਕੌੜਿਆਂ” ਦੀ ਗੱਲ ਕਰਦਾ ਹੈ।
ਲੋਕਾਂ ਦਾ ਗੁੱਸਾ ਅਤੇ ਸਿਹਤ ਵਿਭਾਗ ਦੀ ਐਂਟਰੀ
ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਇਸਨੂੰ “ਕੈਂਸਰ ਬੰਬ” ਅਤੇ “ਜ਼ਹਿਰੀਲੇ ਪਕੌੜੇ” ਕਹਿ ਕੇ ਗੁੱਸਾ ਜਤਾਇਆ। ਕਈਆਂ ਨੇ ਸਿਹਤ ਵਿਭਾਗ ਨੂੰ ਲਾਪਰਵਾਹੀ ਲਈ ਘੇਰਿਆ। ਸ਼ੁੱਕਰਵਾਰ ਸ਼ਾਮ ਸਿਹਤ ਵਿਭਾਗ ਦੀ ਟੀਮ ਨੇ ਦੁਕਾਨ ‘ਤੇ ਛਾਪਾ ਮਾਰ ਕੇ ਸਾਸ, ਬ੍ਰੈੱਡ ਟੋਸਟ ਅਤੇ ਰਿਫਾਇੰਡ ਤੇਲ ਦੇ ਨਮੂਨੇ ਜ਼ਬਤ ਕੀਤੇ ਅਤੇ ਜਾਂਚ ਲਈ ਭੇਜੇ। ਸਟਾਲ ‘ਤੇ ਗੰਦਗੀ ਦੇਖ ਕੇ ਅਧਿਕਾਰੀਆਂ ਨੇ ਜਸਪਾਲ ਨੂੰ ਕੜੀ ਤਾਕੀਦ ਕੀਤੀ ਕਿ ਸਫਾਈ ਦਾ ਧਿਆਨ ਰੱਖੇ।
ਜਸਪਾਲ ਦੀ ਸਫਾਈ ਅਤੇ ਮਾਫ਼ੀ
ਵਿਵਾਦ ਚੜ੍ਹਨ ਤੋਂ ਬਾਅਦ ਜਸਪਾਲ ਸਿੰਘ ਨੇ ਵੀਡੀਓ ਵਿੱਚ ਕੀਤਾ ਕੰਮ ਸਵੀਕਾਰਿਆ ਪਰ ਇਸਨੂੰ “ਮਜ਼ਾਕੀਏ ਤਜਰਬੇ” ਵਜੋਂ ਦਰਸਾਇਆ। ਉਸਦਾ ਕਹਿਣਾ ਸੀ ਕਿ ਉਸਨੇ ਕੁਝ ਹੋਰ ਵੀਡੀਓਜ਼ ਵਿੱਚ ਇਹ ਤਰੀਕਾ ਦੇਖਿਆ ਸੀ ਅਤੇ ਫੂਡ ਬਲੌਗਰ ਦੇ ਕਹਿਣ ‘ਤੇ ਉਸਨੇ ਅਜਿਹਾ ਕੀਤਾ। ਜਸਪਾਲ ਨੇ ਲੋਕਾਂ ਤੋਂ ਮਾਫ਼ੀ ਮੰਗਦਿਆਂ ਭਵਿੱਖ ਵਿੱਚ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ।