26 ਜੂਨ ਦੀ ਘਟਨਾ ‘ਤੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਪੁਲਿਸ ਅਧਿਕਾਰੀਆਂ ਵਿਰੁੱਧ ਕੇਸ ਦਰਜ
ਪਟਿਆਲਾ :- ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਥਰਡ ਡਿੱਗਰੀ ਟਾਰਚਰ ਮਾਮਲੇ ‘ਚ ਇੱਕ ਇੰਸਪੈਕਟਰ ਅਤੇ ਇੱਕ ਏ.ਐਸ.ਆਈ. ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜਾਬ-ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਹੋਈ, ਜਿਸਦੇ ਤਹਿਤ ਇੰਸਪੈਕਟਰ ਯਸ਼ਪਾਲ ਸ਼ਰਮਾ ਅਤੇ ਏ.ਐਸ.ਆਈ. ਬਲਬੀਰ ਸਿੰਘ ਵਿਰੁੱਧ ਕੇਸ ਦਰਜ ਕਰਕੇ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਨੌਜਵਾਨ ‘ਤੇ ਥਰਡ ਡਿੱਗਰੀ ਅਤੇ ਝਟਕੇ ਦੇ ਦੋਸ਼, ਡਾਕਟਰੀ ਰਿਪੋਰਟ ‘ਚ ਵੀ ਪੁਸ਼ਟੀ
ਇਹ ਮਾਮਲਾ 26 ਜੂਨ ਦਾ ਹੈ, ਜਦੋਂ ਘੱਗਾ ਕਸਬੇ ਦੇ ਵਾਰਡ ਨੰਬਰ 6 ਦੀ ਵਰਿੰਦਰ ਕੌਰ ਨੇ ਦੋ ਨੌਜਵਾਨਾਂ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਕੁੱਟਮਾਰ ਅਤੇ ਜ਼ਮੀਨ ਵਾਹੁਣ ਤੋਂ ਰੋਕਣ ਦੀ ਸ਼ਿਕਾਇਤ ਦਰਜ ਕਰਵਾਈ। 10 ਜੁਲਾਈ ਨੂੰ ਇਨ੍ਹਾਂ ਵਿਰੁੱਧ ਐਫਆਈਆਰ ਨੰਬਰ 67 ਦਰਜ ਹੋਈ ਅਤੇ ਹਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਗ੍ਰਿਫਤਾਰੀ ਤੋਂ ਬਾਅਦ, ਹਰਪ੍ਰੀਤ ਨੇ ਦਾਅਵਾ ਕੀਤਾ ਕਿ ਥਾਣੇ ਵਿੱਚ ਉਸ ਨੂੰ ਥਰਡ ਡਿੱਗਰੀ ਤਸ਼ੱਦਦ ਦੇ ਨਾਲ ਨਾਲ ਬਿਜਲੀ ਦੇ ਝਟਕੇ ਵੀ ਦਿੱਤੇ ਗਏ। ਡਾਕਟਰੀ ਜਾਂਚ ‘ਚ ਵੀ ਹਮਲੇ ਦੀ ਪੁਸ਼ਟੀ ਹੋਣ ‘ਤੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਹੋਈ। ਕੋਰਟ ਦੇ ਹੁਕਮਾਂ ‘ਤੇ ਇੰਸਪੈਕਟਰ ਅਤੇ ਏ.ਐਸ.ਆਈ. ਵਿਰੁੱਧ ਕੇਸ ਦਰਜ ਕੀਤਾ ਗਿਆ ਅਤੇ ਐਸ.ਐਸ.ਪੀ. ਨੇ ਦੋਵਾਂ ਨੂੰ ਮੁਅੱਤਲ ਕਰ ਦਿੱਤਾ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਧਿਕਾਰਤ ਤੌਰ ‘ਤੇ ਜਾਂਚ ਜਾਰੀ ਹੈ ਅਤੇ ਦੋਸ਼ੀ ਅਧਿਕਾਰੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਰੇਡ ਵੀ ਕੀਤੀ ਜਾ ਰਹੀ ਹੈ।