ਚੰਡੀਗੜ੍ਹ :- ਕਥਿਤ ਜਬਰ ਜਨਾਹ ਮਾਮਲੇ ਵਿੱਚ ਗ੍ਰਿਫ਼ਤਾਰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਜੇਲ੍ਹ ਤੋਂ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਤਬਾਦਲਾ ਬੁੱਧਵਾਰ ਦੇਰ ਰਾਤ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ।
ਹਾਈ ਸਿਕਿਓਰਿਟੀ ਜੇਲ੍ਹ ‘ਚ ਰੱਖਿਆ ਗਿਆ
ਬਠਿੰਡਾ ਦੀ ਕੇਂਦਰੀ ਜੇਲ੍ਹ ਹਾਈ ਸਿਕਿਓਰਿਟੀ ਸ਼੍ਰੇਣੀ ਵਿੱਚ ਆਉਂਦੀ ਹੈ, ਜਿੱਥੇ ਏ, ਬੀ ਅਤੇ ਸੀ ਕੈਟਾਗਰੀ ਦੇ ਖ਼ਤਰਨਾਕ ਕੈਦੀਆਂ ਨੂੰ ਰੱਖਿਆ ਜਾਂਦਾ ਹੈ। ਇਸ ਜੇਲ੍ਹ ਦੀ ਨਿਗਰਾਨੀ ਕੇਂਦਰੀ ਸੁਰੱਖਿਆ ਬਲਾਂ ਵੱਲੋਂ ਕੀਤੀ ਜਾਂਦੀ ਹੈ, ਜਿਸ ਕਾਰਨ ਇੱਥੇ ਸੁਰੱਖਿਆ ਪ੍ਰਬੰਧ ਕਾਫ਼ੀ ਕੜੇ ਹਨ।
ਕਈ ਧਾਰਾਵਾਂ ਹੇਠ ਦਰਜ ਮਾਮਲਾ
ਪਟਿਆਲਾ ਪੁਲਿਸ ਵੱਲੋਂ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਵਿਧਾਇਕ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀਆਂ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਸੀ। ਗ੍ਰਿਫ਼ਤਾਰੀ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਨਿਆਂਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਭੇਜਿਆ ਗਿਆ ਸੀ, ਜਿੱਥੇ ਉਹ ਵੱਖਰੇ ਸੈੱਲ ਵਿੱਚ ਬੰਦ ਸਨ।
ਪੁਲਿਸ ਦੀ ਟੀਮ ਵੱਲੋਂ ਸਖ਼ਤ ਨਿਗਰਾਨੀ ਹੇਠ ਤਬਾਦਲਾ
ਇਸ ਤਬਾਦਲੇ ਦੌਰਾਨ ਇੱਕ ਡੀਐਸਪੀ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪੰਜ ਹੋਰ ਕਰਮਚਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਬਠਿੰਡਾ ਤੱਕ ਲਿਜਾਇਆ। ਜੇਲ੍ਹ ਅਧਿਕਾਰੀਆਂ ਮੁਤਾਬਕ ਇਹ ਕਦਮ ਪੂਰੀ ਤਰ੍ਹਾਂ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।
ਪਹਿਲਾਂ ਫਰਾਰ ਰਹਿਣ ਦੀਆਂ ਵੀ ਰਹੀਆਂ ਚਰਚਾਵਾਂ
ਮਾਮਲਾ ਦਰਜ ਹੋਣ ਤੋਂ ਬਾਅਦ ਵਿਧਾਇਕ ਕੁਝ ਸਮੇਂ ਲਈ ਫਰਾਰ ਵੀ ਰਹੇ ਸਨ ਅਤੇ ਉਨ੍ਹਾਂ ਖ਼ਿਲਾਫ਼ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਇਸ ਦੌਰਾਨ ਉਹ ਵਿਦੇਸ਼ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ।
ਗਵਾਲੀਅਰ ਤੋਂ ਗ੍ਰਿਫ਼ਤਾਰੀ, ਹੁਣ ਸਖ਼ਤ ਨਿਗਰਾਨੀ
ਕਈ ਮਹੀਨੇ ਬਾਅਦ ਭਾਰਤ ਵਾਪਸੀ ‘ਤੇ ਉਨ੍ਹਾਂ ਨੂੰ ਗਵਾਲੀਅਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਬਠਿੰਡਾ ਜੇਲ੍ਹ ਵਿੱਚ ਉਨ੍ਹਾਂ ਲਈ ਖਾਸ ਬੈਰਕ ਤਿਆਰ ਕੀਤਾ ਗਿਆ ਹੈ, ਜਿੱਥੇ ਉਹਨਾਂ ਨੂੰ ਕੜੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ।

