ਬਟਾਲਾ :- ਬਟਾਲਾ ਸ਼ਹਿਰ ’ਚ ਬੀਤੀ ਦੇਰ ਸ਼ਾਮ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਚੰਦਾ ਖਾਣਾ ਖ਼ਜਾਨਾ ਦੇ ਨੇੜੇ ਇਕ ਜੁੱਤੀਆਂ ਦੀ ਦੁਕਾਨ ’ਤੇ ਦੋ ਮੋਟਰਸਾਈਕਲ ਸਵਾਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਈ ਇਸ ਗੋਲੀਬਾਰੀ ਨਾਲ ਸਾਰਾ ਇਲਾਕਾ ਦਹਿਸ਼ਤ ਦੇ ਮਾਹੌਲ ’ਚ ਆ ਗਿਆ।
ਗੋਲੀਬਾਰੀ ’ਚ 7 ਲੋਕ ਗੋਲੀਆਂ ਦਾ ਸ਼ਿਕਾਰ
ਮੌਕੇ ਤੇ ਮੌਜੂਦ ਲੋਕਾਂ ਮੁਤਾਬਿਕ, ਹਮਲਾਵਰ ਬਿਨਾਂ ਕਿਸੇ ਚੇਤਾਵਨੀ ਦੇ ਮੋਟਰਸਾਈਕਲ ’ਤੇ ਆਏ ਅਤੇ ਜੁੱਤੀਆਂ ਦੀ ਦੁਕਾਨ ਸਾਹਮਣੇ ਖੜੇ ਲੋਕਾਂ ’ਤੇ ਗੋਲੀਆਂ ਚਲਾਉਣ ਲੱਗ ਪਏ। ਇਸ ਘਟਨਾ ’ਚ 7 ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋਏ, ਜਿਨ੍ਹਾਂ ਵਿਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਸਿਵਲ ਹਸਪਤਾਲ ’ਚ ਇਲਾਜ, ਦੋ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ
ਸਿਵਲ ਹਸਪਤਾਲ ਬਟਾਲਾ ਦੇ ਡਾ. ਸਾਹਿਲ ਨੇ ਦੱਸਿਆ ਕਿ ਉਨ੍ਹਾਂ ਕੋਲ 6 ਜ਼ਖਮੀ ਇਲਾਜ ਲਈ ਲਿਆਂਦੇ ਗਏ ਸਨ। ਉਨ੍ਹਾਂ ਵਿਚੋਂ ਦੋ ਨੂੰ ਗੰਭੀਰ ਹਾਲਤ ਦੇ ਚਲਦਿਆਂ ਅੰਮ੍ਰਿਤਸਰ ਭੇਜਿਆ ਗਿਆ ਹੈ, ਜਦਕਿ ਬਾਕੀ ਚਾਰ ਦਾ ਇਲਾਜ ਸਥਾਨਕ ਹਸਪਤਾਲ ’ਚ ਜਾਰੀ ਹੈ। ਡਾਕਟਰਾਂ ਅਨੁਸਾਰ ਇਕ ਵਿਅਕਤੀ ਦੀ ਮੌਤ ਮੌਕੇ ’ਤੇ ਹੋ ਚੁੱਕੀ ਸੀ, ਜਦਕਿ ਦੂਜੇ ਦੀ ਮੌਤ ਇਲਾਜ ਦੌਰਾਨ ਹੋਈ।
ਮ੍ਰਿਤਕ ਅਤੇ ਜ਼ਖਮੀਆਂ ਦੀ ਪਛਾਣ
ਪੁਲਿਸ ਅਨੁਸਾਰ ਮ੍ਰਿਤਕਾਂ ਵਿਚ ਇਕ ਨੌਜਵਾਨ ਦੀ ਪਛਾਣ ਕੰਨਵ ਮਹਾਜਨ ਵਾਸੀ ਬਟਾਲਾ ਦੇ ਤੌਰ ’ਤੇ ਹੋਈ ਹੈ, ਜਦਕਿ ਦੂਜੇ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ। ਜ਼ਖਮੀਆਂ ਦੀ ਪਛਾਣ ਸਰਬਜੀਤ ਸਿੰਘ ਵਾਸੀ ਬੁਲੋਵਾਲ, ਅੰਮ੍ਰਿਤਪਾਲ ਪੁੱਤਰ ਸਿਕੰਦਰ ਵਾਸੀ ਉਮਰਪੁਰਾ, ਅਮਨਜੋਤ ਪੁੱਤਰ ਅਜੀਤ ਲਾਲ, ਸੰਜੀਵ ਸੇਠ ਪੁੱਤਰ ਰਾਮ ਲਾਲ, ਜੁਗਲ ਕਿਸ਼ੋਰ ਪੁੱਤਰ ਪ੍ਰੇਮ ਨਾਥ ਤੇ ਚੰਦਰ ਕੁਮਾਰ ਵਾਸੀ ਖਜੂਰੀ ਗੇਟ ਬਟਾਲਾ ਦੇ ਰੂਪ ’ਚ ਹੋਈ ਹੈ। ਚੰਦਰ ਕੁਮਾਰ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਨੂੰ ਵੀ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਜਾਂਚ ਸ਼ੁਰੂ, ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ
ਘਟਨਾ ਤੋਂ ਬਾਅਦ ਡੀ.ਐੱਸ.ਪੀ. ਸਿਟੀ ਸੰਜੀਵ ਕੁਮਾਰ, ਐੱਸ.ਐੱਚ.ਓ. ਸੁਖਜਿੰਦਰ ਸਿੰਘ ਅਤੇ ਸੀ.ਆਈ.ਏ. ਇੰਚਾਰਜ ਇੰਸ. ਸੁਖਰਾਜ ਸਿੰਘ ਮੌਕੇ ’ਤੇ ਪਹੁੰਚੇ। ਪੁਲਿਸ ਵੱਲੋਂ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਜਲਦ ਕਰਕੇ ਗ੍ਰਿਫ਼ਤਾਰੀ ਕੀਤੀ ਜਾਵੇਗੀ।
ਮੌਕੇ ਤੋਂ ਮਿਲੇ ਦਰਜਨ ਤੋਂ ਵੱਧ ਗੋਲੀ ਦੇ ਖੋਲ
ਪੁਲਿਸ ਨੇ ਘਟਨਾ ਸਥਲ ਤੋਂ ਦਰਜਨ ਤੋਂ ਵੱਧ ਗੋਲੀ ਦੇ ਖੋਲ ਬਰਾਮਦ ਕੀਤੇ ਹਨ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਪੇਸ਼ੇਵਰ ਅਪਰਾਧੀ ਹੋ ਸਕਦੇ ਹਨ। ਹਾਲਾਂਕਿ, ਅਜੇ ਤੱਕ ਹਮਲੇ ਦੇ ਕਾਰਣਾਂ ਬਾਰੇ ਪੁਲਿਸ ਵੱਲੋਂ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਲੋਕਾਂ ’ਚ ਡਰ ਦਾ ਮਾਹੌਲ
ਸ਼ਹਿਰ ਦੇ ਇਸ ਰੌਂਕ ਭਰੇ ਇਲਾਕੇ ’ਚ ਹੋਈ ਇਸ ਖੁੱਲ੍ਹੀ ਗੋਲੀਬਾਰੀ ਤੋਂ ਬਾਅਦ ਲੋਕਾਂ ’ਚ ਡਰ ਤੇ ਗੁੱਸੇ ਦਾ ਮਾਹੌਲ ਹੈ। ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ’ਚ ਐਸੀ ਘਟਨਾਵਾਂ ਤੋਂ ਬਚਿਆ ਜਾ ਸਕੇ।