ਨਵਾਂਸ਼ਹਿਰ :- ਨਵਾਂਸ਼ਹਿਰ ਜ਼ਿਲ੍ਹੇ ਦੇ ਮਹਿੰਦੀਪੁਰ ਪੁਲ ਬਾਈਪਾਸ ਤੋਂ ਜਾਡਲਾ ਰੋਡ ‘ਤੇ ਬਰਨਾਲਾ-ਸੋਨਾ ਮੋੜ ਨੇੜੇ ਬੁੱਧਵਾਰ ਸ਼ਾਮ ਇਕ ਦਰਦਨਾਕ ਸੜਕ ਹਾਦਸੇ ‘ਚ ਮਾਂ-ਧੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੀ ਸਕੂਟਰੀ ‘ਤੇ ਸਫ਼ਰ ਕਰ ਰਹੀਆਂ ਸਨ ਅਤੇ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰੀ।
ਸਕੂਟਰੀ ਸਵਾਰ ਮਾਂ-ਧੀ ਦੀ ਮੌਕੇ ‘ਤੇ ਹੀ ਮੌਤ
ਐੱਸ.ਐੱਚ.ਓ. ਇੰਸਪੈਕਟਰ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਹਾਦੜਾ ਵਾਸੀ ਬਲਵੀਰ ਕੌਰ (59) ਪਤਨੀ ਕਸ਼ਮੀਰ ਸਿੰਘ ਆਪਣੀ ਧੀ ਪ੍ਰਭਜੋਤ ਕੌਰ (26) ਨਾਲ ਸ਼ਾਮ ਲਗਭਗ ਸਾਢੇ ਛੇ ਵਜੇ ਨਵਾਂਸ਼ਹਿਰ ਤੋਂ ਘਰ ਵੱਲ ਜਾ ਰਹੀ ਸੀ।
ਜਦੋਂ ਉਹ ਬਰਨਾਲਾ-ਸੋਨਾ ਮੋੜ ‘ਤੇ ਮੁੜ ਰਹੀਆਂ ਸਨ, ਤਦ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਕਾਰ ਸਵਾਰ ਦੋ ਜਣੇ ਗੰਭੀਰ ਜ਼ਖ਼ਮੀ
ਹਾਦਸੇ ‘ਚ ਸਵਿਫਟ ਕਾਰ ‘ਚ ਸਵਾਰ ਦੋ ਵਿਅਕਤੀ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਪੁਲਸ ਅਨੁਸਾਰ, ਕਾਰ ਸਵਾਰਾਂ ਵਿੱਚੋਂ ਇਕ ਦੀ ਪਛਾਣ ਮਨਵੀਰ ਸਿੰਘ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਹੈ।
ਕੈਨੇਡਾ ਤੋਂ ਹਾਲ ਹੀ ਵਾਪਸ ਆਈ ਸੀ ਧੀ
ਪੁਲਸ ਨੇ ਦੱਸਿਆ ਕਿ ਮ੍ਰਿਤਕ ਪ੍ਰਭਜੋਤ ਕੌਰ ਹਾਲ ਹੀ ਵਿੱਚ ਸਟਡੀ ਵੀਜ਼ੇ ‘ਤੇ ਕੈਨੇਡਾ ਗਈ ਹੋਈ ਸੀ ਤੇ ਕੁਝ ਦਿਨ ਪਹਿਲਾਂ ਹੀ ਵਾਪਸ ਇੰਡੀਆ ਆਈ ਸੀ। ਪਰਿਵਾਰ ਨੇ ਉਸਦਾ ਵਿਆਹ ਰੱਖਿਆ ਹੋਇਆ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਪੁਲਸ ਵਲੋਂ ਜਾਂਚ ਸ਼ੁਰੂ
ਜਾਂਚ ਅਧਿਕਾਰੀ ਏ.ਐੱਸ.ਆਈ. ਦਿਲਾਵਰ ਸਿੰਘ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਦੇ ਕਾਰਨ ਦੀ ਜਾਂਚ ਜਾਰੀ ਹੈ।

