ਨਾਭਾ :- ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਨਾਭਾ ਬਲਾਕ ਦੇ ਕਈ ਪਿੰਡਾਂ ਦਾ ਦੌਰਾ ਕਰਕੇ ਝੋਨੇ ਦੀ ਫਸਲ ਨੂੰ ਬੋਨਾਂ ਵਾਇਰਸ ਅਤੇ ਹਲਦੀ ਰੋਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੇ। ਡਾ. ਸਿੰਘ ਨੇ ਕਿਹਾ ਕਿ ਇਹ ਬਿਮਾਰੀਆਂ ਕਿਸਾਨਾਂ ਦੀ ਪਿੱਠ ਤੋੜ ਗਈਆਂ ਹਨ ਅਤੇ ਸਰਕਾਰ ਵੱਲੋਂ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ।
ਸਪੈਸ਼ਲ ਗਿਰਦਾਵਰੀਆਂ ਜਾਰੀ
ਸਿਹਤ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਖਰਾਬ ਹੋਈ ਫਸਲਾਂ ਦੀਆਂ ਸਪੈਸ਼ਲ ਗਿਰਦਾਵਰੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪਹਿਲੀ ਵਾਰ ਝੋਨੇ ਦੀ ਇਸ ਬਿਮਾਰੀ ਨਾਲ ਨੁਕਸਾਨੀ ਫਸਲ ਲਈ ਕਿਸਾਨਾਂ ਨੂੰ ਮੁਆਵਜ਼ਾ ਪ੍ਰਦਾਨ ਕੀਤਾ ਜਾਵੇਗਾ।
ਲੋਕਾਂ ਤੇ ਐਨਆਰਆਈਆਂ ਨੂੰ ਅਪੀਲ
ਡਾ. ਬਲਬੀਰ ਸਿੰਘ ਨੇ ਐਨਆਰਆਈ ਭਰਾਵਾਂ, ਉਦਯੋਗਪਤੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀ ਮਦਦ ਲਈ ਅੱਗੇ ਆਉਣ ਅਤੇ ਪਿੰਡਾਂ ਨੂੰ ਗੋਦ ਲੈਣ। ਇਸ ਨਾਲ ਨਾ ਸਿਰਫ਼ ਕਿਸਾਨਾਂ ਨੂੰ ਸਹਾਰਾ ਮਿਲੇਗਾ, ਬਲਕਿ ਪਿੰਡਾਂ ਦੇ ਵਿਕਾਸ ਵੱਲ ਵੀ ਯੋਗਦਾਨ ਪਵੇਗਾ।
ਕਿਸਾਨਾਂ ਨੇ ਕੀਤਾ ਸਵਾਗਤ
ਨਾਭਾ ਹਲਕੇ ਦੇ ਕਿਸਾਨਾਂ ਨੇ ਸਿਹਤ ਮੰਤਰੀ ਦੇ ਇਸ ਭਰੋਸੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰ ਹਕੀਕਤ ਵਿੱਚ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਹਨਾਂ ਉਮੀਦ ਜਤਾਈ ਕਿ ਸਪੈਸ਼ਲ ਗਿਰਦਾਵਰੀਆਂ ਰਾਹੀਂ ਜਲਦੀ ਹੀ ਫਸਲ ਦਾ ਮੁਆਵਜ਼ਾ ਉਨ੍ਹਾਂ ਦੇ ਖਾਤਿਆਂ ਵਿੱਚ ਪਹੁੰਚੇਗਾ।