ਮਾਨਸਾ :- ਬੁਢਲਾਡਾ ਵਿੱਚ ਦੇਰ ਰਾਤ ਪੁਰਾਣੀ ਰੰਜਿਸ਼ ਕਾਰਨ ਇੱਕ ਨੌਜਵਾਨ ਨੂੰ ਸ਼ਰੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਪੁਰਾਣੀ ਲੜਾਈ ਨੂੰ ਲੈ ਕੇ ਚੱਲ ਰਹੇ ਸਮਝੌਤੇ ਦੌਰਾਨ ਤਕਰਾਰ ਮੁੜ ਤੋਂ ਭੜਕ ਗਈ।
ਪਰਿਵਾਰ ਦਾ ਵਿਰੋਧ ਤੇ ਗ੍ਰਿਫ਼ਤਾਰੀ ਦੀ ਮੰਗ
ਮ੍ਰਿਤਕ ਨੌਜਵਾਨ ਸੇਵਕ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਬੁਢਲਾਡਾ ਵਿੱਚ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾ ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਨਾਲ ਹੋਈ ਲੜਾਈ ਨੂੰ ਲੈ ਕੇ ਸਮਝੌਤਾ ਕਰਨ ਦੀ ਗੱਲ ਚੱਲ ਰਹੀ ਸੀ। ਇਸ ਬਹਾਨੇ ਸੇਵਕ ਸਿੰਘ ਨੂੰ ਬੁਲਾਇਆ ਗਿਆ ਅਤੇ ਉੱਥੇ ਪਹਿਲਾਂ ਹੀ ਮੌਜੂਦ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਉਸਦੀ ਹੱਤਿਆ ਕਰ ਦਿੱਤੀ ਗਈ। ਪਰਿਵਾਰ ਨੇ ਕਾਤਲਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਪੁਲਸ ਦਾ ਕਹਿਣਾ
ਬੁਢਲਾਡਾ ਦੇ ਡੀਐਸਪੀ ਸਿਕੰਦਰ ਸਿੰਘ ਚੀਮਾ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਵਿਅਕਤੀਆਂ ਵਿੱਚ ਲੜਾਈ ਹੋਈ ਸੀ। ਅੱਜ ਆਪਸੀ ਸਮਝੌਤੇ ਲਈ ਬੈਠਕ ਦੌਰਾਨ ਤਕਰਾਰ ਵਧਣ ਕਾਰਨ ਕਤਲ ਦੀ ਵਾਰਦਾਤ ਵਾਪਰੀ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।