ਬਰਨਾਲਾ :- ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਅਤੇ ਫ਼ੈਸਲਿਆਂ ਦੇ ਸਿਲਸਿਲੇ ਵਿੱਚ ਹੁਣ ਬਰਨਾਲਾ ਜ਼ਿਲ੍ਹੇ ਦੇ ਕੱਟੂ ਪਿੰਡ ਨੇ ਵੀ ਵੱਡਾ ਕਦਮ ਚੁੱਕਿਆ ਹੈ। ਪਿੰਡ ਦੀ ਗ੍ਰਾਮ ਪੰਚਾਇਤ ਨੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਇਕ ਸੁਰ ਵਿੱਚ ਪ੍ਰਵਾਸੀਆਂ ਦੇ ਪੂਰਨ ਬਾਈਕਾਟ ਦਾ ਮਤਾ ਪਾਸ ਕਰ ਦਿੱਤਾ ਹੈ। ਇਹ ਫ਼ੈਸਲਾ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਸਰਪੰਚ ਦੇ ਪਤੀ ਕਰਨੈਲ ਸਿੰਘ ਸਮੇਤ ਸੈਂਕੜਿਆਂ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਲਏ ਗਏ ਇਕੱਠ ਦੌਰਾਨ ਹੋਇਆ।
ਹਾਲੀਆ ਘਟਨਾਵਾਂ ਨੇ ਵਧਾਈ ਚਿੰਤਾ
ਪਿੰਡ ਵਾਸੀਆਂ ਨੇ ਦੱਸਿਆ ਕਿ ਹਾਲ ਹੀ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇੱਕ ਪ੍ਰਵਾਸੀ ਵੱਲੋਂ ਬੱਚੇ ਦੀ ਹੱਤਿਆ ਅਤੇ ਬਰਨਾਲਾ ਦੀ ਤਪਾ ਮੰਡੀ ਵਿੱਚ ਪ੍ਰਵਾਸੀ ਵੱਲੋਂ ਆਪਣੇ ਸਾਥੀ ਦੀ ਹੱਤਿਆ ਵਰਗੀਆਂ ਘਟਨਾਵਾਂ ਨੇ ਲੋਕਾਂ ਦੇ ਮਨ ਵਿੱਚ ਦਹਿਸ਼ਤ ਪੈਦਾ ਕੀਤੀ ਹੈ। ਇਸੇ ਕਾਰਨ ਪਿੰਡ ਕੱਟੂ ਦੀ ਪੰਚਾਇਤ ਨੇ ਇਹ ਮਤਾ ਪਾਸ ਕੀਤਾ, ਤਾਂ ਜੋ ਅਜਿਹੀਆਂ ਵਾਰਦਾਤਾਂ ਉਨ੍ਹਾਂ ਦੇ ਪਿੰਡ ਵਿੱਚ ਨਾ ਵਾਪਰਨ।
ਪ੍ਰਵਾਸੀਆਂ ਨੂੰ ਲੈ ਕੇ ਪਾਸ ਕੀਤੇ ਗਏ ਮੁੱਖ ਮਤੇ
1. ਪਛਾਣ ਪੱਤਰ ’ਤੇ ਪਾਬੰਦੀ – ਪਿੰਡ ਵਿੱਚ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਜਾਂ ਹੋਰ ਪਛਾਣ ਪੱਤਰ ਨਹੀਂ ਬਣਾਇਆ ਜਾਵੇਗਾ। ਪਹਿਲਾਂ ਤੋਂ ਰਹਿ ਰਹੇ ਪ੍ਰਵਾਸੀਆਂ ਦੀ ਪੂਰੀ ਜਾਣਕਾਰੀ ਇਕੱਠੀ ਕਰਕੇ ਪ੍ਰਸ਼ਾਸਨ ਨੂੰ ਸੌਂਪੀ ਜਾਵੇਗੀ।
2. ਦੋਹਰੇ ਆਧਾਰ ਕਾਰਡਾਂ ਦੀ ਜਾਂਚ – ਕੁਝ ਪ੍ਰਵਾਸੀਆਂ ਕੋਲ ਪਿੰਡ ਦੇ ਨਾਲ-ਨਾਲ ਆਪਣੇ ਮੂਲ ਰਾਜ ਬਿਹਾਰ ਦੇ ਵੀ ਆਧਾਰ ਕਾਰਡ ਹਨ। ਇਸ ਬਾਰੇ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ।
3. ਜ਼ਿੰਮੇਵਾਰੀ ਨਿਯਮ – ਜੇ ਕੋਈ ਪ੍ਰਵਾਸੀ ਖਾਸ ਤੌਰ ’ਤੇ ਸੀਜ਼ਨ ਦੌਰਾਨ ਪਿੰਡ ਲਿਆਂਦਾ ਜਾਂਦਾ ਹੈ, ਤਾਂ ਉਸ ਨੂੰ ਲਿਆਉਣ ਵਾਲਾ ਵਿਅਕਤੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ।
4. ਸਮਾਜਿਕ ਬਾਈਕਾਟ – ਜੇ ਪਿੰਡ ਦੇ ਨੌਜਵਾਨ ਮੁੰਡੇ-ਕੁੜੀਆਂ ਵਿਆਹ ਤੋਂ ਬਿਨਾਂ ਪਤੀ-ਪਤਨੀ ਵਾਂਗ ਰਹਿੰਦੇ ਹਨ, ਤਾਂ ਉਨ੍ਹਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ।
5. ਨਸ਼ਾ ਵਿਰੁੱਧ ਸਖ਼ਤੀ – ਪਿੰਡ ਦੀ ਪੰਚਾਇਤ ਨੇ ਫ਼ੈਸਲਾ ਕੀਤਾ ਕਿ ਜੋ ਵੀ ਵਿਅਕਤੀ ਨਸ਼ਾ ਵੇਚਦਾ ਮਿਲੇਗਾ, ਉਸਨੂੰ ਸਮਾਜਿਕ ਸਮਰਥਨ ਨਹੀਂ ਮਿਲੇਗਾ।
6. ਸਾਂਝੀ ਸੰਪਤੀ ਦੀ ਰੱਖਿਆ – ਜੇਕਰ ਕੋਈ ਵਿਅਕਤੀ ਪਿੰਡ ਦੇ ਪੰਚਾਇਤੀ ਸਥਾਨਾਂ, ਗੁਰੂਘਰਾਂ, ਸਕੂਲਾਂ, ਖੇਡ ਮੈਦਾਨਾਂ ਜਾਂ ਸਿਹਤ ਕੇਂਦਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਉਸ ਦਾ ਵੀ ਬਾਈਕਾਟ ਕਰਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪਿੰਡ ਵਾਸੀਆਂ ਦੀ ਏਕਮਤ ਸਹਿਮਤੀ
ਪਿੰਡ ਕੱਟੂ ਦੀ ਪੰਚਾਇਤ ਨੇ ਸਪੱਸ਼ਟ ਕੀਤਾ ਕਿ ਇਹ ਸਾਰੇ ਮਤੇ ਸਿਰਫ਼ ਪੰਚਾਇਤ ਦੇ ਨਹੀਂ, ਸਗੋਂ ਪੂਰੇ ਪਿੰਡ ਵਾਸੀਆਂ ਦੀ ਏਕਮਤ ਸਹਿਮਤੀ ਨਾਲ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਕਦਮ ਪਿੰਡ ਵਿੱਚ ਅਮਨ-ਸ਼ਾਂਤੀ ਅਤੇ
ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਜ਼ਮੀ ਹਨ।