ਹੁਸ਼ਿਆਰਪੁਰ: ਪੰਜਾਬ ਵਿੱਚ ਰਜਿਸਟਰੀ ਕਰਵਾਉਣ ਵਾਲਿਆਂ ਲਈ ਇੱਕ ਅਹਿਮ ਸੁਧਾਰ ਦੀ ਸ਼ੁਰੂਆਤ ਕੀਤੀ ਗਈ ਹੈ। ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਜਿਸਟਰੀ ਦੇ ਕੰਮ ਨੂੰ ਹੋਰ ਪਾਰਦਰਸ਼ੀ ਅਤੇ ਆਸਾਨ ਬਣਾਉਣ ਲਈ ‘ਇਜ਼ੀ ਰਜਿਸਟ੍ਰੇਸ਼ਨ’ ਨਾਂਅ ਦਾ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।
ਇਸ ਪ੍ਰਾਜੈਕਟ ਦੇ ਤਹਿਤ, ਰਜਿਸਟਰੀ ਕਰਵਾਉਣ ਵਾਲਿਆਂ ਵਿੱਚੋਂ 5 ਫ਼ੀਸਦੀ ਲੋਕਾਂ ਨੂੰ ਸਰਕਾਰੀ ਤੌਰ ‘ਤੇ ਫ਼ੋਨ ਕਰਕੇ ਉਨ੍ਹਾਂ ਤੋਂ ਫੀਡਬੈਕ ਲਿਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਨੂੰ ਰਜਿਸਟਰੀ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਤਾਂ ਨਹੀਂ ਕਰਨਾ ਪਿਆ।
ਨਾਂ, ਪਤਾ ਅਤੇ ਮੋਬਾਈਲ ਨੰਬਰ ਸਹੀ ਭਰਨ ਦੀ ਅਪੀਲ
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਉਹ ਕਿਸੇ ਵੀ ਤਹਿਸੀਲ ਜਾਂ ਸਬ-ਤਹਿਸੀਲ ਦਫ਼ਤਰ ਵਿੱਚ ਰਜਿਸਟਰੀ ਕਰਵਾਉਣ ਜਾਣ, ਤਾਂ ਆਪਣੇ ਨਾਂ, ਪਤੇ ਅਤੇ ਮੋਬਾਇਲ ਨੰਬਰ ਵਰਗੇ ਵੇਰਵੇ ਸਹੀ ਢੰਗ ਨਾਲ ਦਰਜ ਕਰਵਾਉਣ। ਇਹ ਜਾਣਕਾਰੀ ਸਹੀ ਹੋਣੀ ਇਸ ਲਈ ਵੀ ਜ਼ਰੂਰੀ ਹੈ ਕਿ ਤਾਂ ਜੋ ਸਰਕਾਰ ਤੁਹਾਡੇ ਨਾਲ ਸੰਪਰਕ ਕਰਕੇ ਤੁਹਾਡਾ ਫੀਡਬੈਕ ਲੈ ਸਕੇ।
ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਸੇਵਾਵਾਂ ਨੂੰ ਹੋਰ ਸੁਧਾਰਿਆ ਜਾ ਸਕੇਗਾ ਅਤੇ ਵਿਭਾਗੀ ਕੰਮਕਾਜ ‘ਚ ਲੋਕ ਭਰੋਸਾ ਵਧੇਗਾ।