ਚੰਡੀਗੜ੍ਹ :- ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਹੌਲੀ-ਹੌਲੀ ਘੱਟਦੀ ਨਜ਼ਰ ਆ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਨਾਲ ਮੌਸਮ ਦਾ ਰੁਖ ਬਦਲ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸ਼ਨੀਵਾਰ ਤੋਂ ਲੈ ਕੇ 12 ਫਰਵਰੀ ਤੱਕ ਸੂਬੇ ਭਰ ਵਿੱਚ ਮੌਸਮ ਸਾਫ਼ ਅਤੇ ਸੁੱਕਾ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਕਿਸੇ ਵੀ ਕਿਸਮ ਦੀ ਬਾਰਿਸ਼ ਜਾਂ ਮੌਸਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਦਿਨ ਵੇਲੇ ਧੁੱਪ, ਪਰ ਸਵੇਰ-ਸ਼ਾਮ ਹਵਾ ਵਿੱਚ ਠੰਢਕ ਕਾਇਮ
ਭਾਵੇਂ ਦਿਨ ਦੇ ਸਮੇਂ ਧੁੱਪ ਖਿੜੀ ਰਹੇਗੀ, ਪਰ ਸਵੇਰ ਅਤੇ ਸ਼ਾਮ ਦੇ ਵੇਲੇ ਠੰਢੀਆਂ ਸਤਹੀ ਹਵਾਵਾਂ ਚੱਲਦੀਆਂ ਰਹਿਣਗੀਆਂ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਔਸਤਨ 0.3 ਡਿਗਰੀ ਸੈਲਸੀਅਸ ਤਾਪਮਾਨ ਵਧਿਆ ਹੈ, ਜਦਕਿ ਘੱਟੋ-ਘੱਟ ਤਾਪਮਾਨ ਵਿੱਚ ਲਗਭਗ 0.9 ਡਿਗਰੀ ਸੈਲਸੀਅਸ ਦਾ ਉਛਾਲ ਆਇਆ ਹੈ।
ਫਰੀਦਕੋਟ ਸਭ ਤੋਂ ਠੰਢਾ, ਚੰਡੀਗੜ੍ਹ ‘ਚ 13 ਸਾਲਾਂ ਬਾਅਦ ਅਜਿਹਾ ਤਾਪਮਾਨ
ਪੰਜਾਬ ਵਿੱਚ ਫਰੀਦਕੋਟ ਸਭ ਤੋਂ ਠੰਢਾ ਜ਼ਿਲ੍ਹਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਰਾਤ ਦਾ ਤਾਪਮਾਨ 8.3 ਡਿਗਰੀ ਸੈਲਸੀਅਸ ਰਿਹਾ, ਜੋ ਫਰਵਰੀ ਮਹੀਨੇ ਦੌਰਾਨ ਲਗਭਗ 13 ਸਾਲਾਂ ਵਿੱਚ ਪਹਿਲੀ ਵਾਰ ਇੰਨਾ ਉੱਚਾ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 6 ਫਰਵਰੀ ਨੂੰ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਰਿਹਾ ਸੀ।
ਹੋਰ ਜ਼ਿਲ੍ਹਿਆਂ ਦਾ ਤਾਪਮਾਨ ਵੀ ਆਮ ਦੇ ਨੇੜੇ
ਸੂਬੇ ਦੇ ਹੋਰ ਹਿੱਸਿਆਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿੱਚ 6.3 ਡਿਗਰੀ, ਲੁਧਿਆਣਾ ਵਿੱਚ 8.4 ਡਿਗਰੀ, ਪਟਿਆਲਾ ਵਿੱਚ 9.5 ਡਿਗਰੀ, ਪਠਾਨਕੋਟ ਵਿੱਚ 7.5 ਡਿਗਰੀ, ਐਸਬੀਐਸ ਨਗਰ ਵਿੱਚ 7.3 ਡਿਗਰੀ, ਫਿਰੋਜ਼ਪੁਰ ਵਿੱਚ 7.0 ਡਿਗਰੀ, ਮਾਨਸਾ ਵਿੱਚ 9.1 ਡਿਗਰੀ ਅਤੇ ਰੂਪਨਗਰ ਵਿੱਚ 8.3 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਹੁਣ ਇਹ ਤਾਪਮਾਨ ਆਮ ਦੇ ਬਹੁਤ ਨੇੜੇ ਪਹੁੰਚ ਚੁੱਕੇ ਹਨ।
ਫਰਵਰੀ ਮਹੀਨੇ ‘ਚ ਲਗਾਤਾਰ ਘੱਟ ਬਾਰਿਸ਼, ਇਸ ਸਾਲ ਵੀ ਘਾਟ ਜਾਰੀ
ਮੌਸਮ ਵਿਭਾਗ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਫਰਵਰੀ ਮਹੀਨਾ ਪੰਜਾਬ ਅਤੇ ਹਰਿਆਣਾ ਲਈ ਬਾਰਿਸ਼ ਦੇ ਮਾਮਲੇ ਵਿੱਚ ਸੁੱਕਾ ਸਾਬਤ ਹੋ ਰਿਹਾ ਹੈ। 2022, 2023 ਅਤੇ 2024 ਵਿੱਚ ਵੀ ਫਰਵਰੀ ਦੌਰਾਨ ਬਾਰਿਸ਼ ਆਮ ਨਾਲੋਂ ਘੱਟ ਰਹੀ। 2025 ਵਿੱਚ ਲਗਭਗ 30 ਫੀਸਦੀ ਘਾਟ ਦਰਜ ਕੀਤੀ ਗਈ ਸੀ, ਜਦਕਿ ਇਸ ਸਾਲ ਹੁਣ ਤੱਕ ਬਾਰਿਸ਼ ਦੀ ਘਾਟ 34 ਫੀਸਦੀ ਤੱਕ ਪਹੁੰਚ ਚੁੱਕੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਵੱਡੀ ਬਾਰਿਸ਼ ਦੀ ਸੰਭਾਵਨਾ ਕਾਫ਼ੀ ਘੱਟ ਨਜ਼ਰ ਆ ਰਹੀ ਹੈ।
ਪੱਛਮੀ ਗੜਬੜ ਸਰਗਰਮ, ਪਰ ਪੰਜਾਬ ‘ਤੇ ਅਸਰ ਘੱਟ
ਮੌਸਮ ਵਿਗਿਆਨੀਆਂ ਅਨੁਸਾਰ ਈਰਾਨ ਅਤੇ ਅਫਗਾਨਿਸਤਾਨ ਨੇੜੇ ਬਣੀ ਪੱਛਮੀ ਗੜਬੜ ਹੁਣ ਉੱਤਰੀ ਅਫਗਾਨਿਸਤਾਨ ਵੱਲ ਸਰਕ ਚੁੱਕੀ ਹੈ, ਜੋ ਸਮੁੰਦਰ ਤਲ ਤੋਂ ਲਗਭਗ 3.1 ਕਿਲੋਮੀਟਰ ਉਚਾਈ ‘ਤੇ ਸਰਗਰਮ ਹੈ। ਇਸਦੇ ਨਾਲ ਹੀ ਉੱਪਰੀ ਹਵਾ ਵਿੱਚ ਲਗਭਗ 5.8 ਕਿਲੋਮੀਟਰ ਤੱਕ ਫੈਲਿਆ ਇੱਕ ਹੋਰ ਸਿਸਟਮ ਵੀ ਮੌਜੂਦ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 8 ਫਰਵਰੀ ਦੀ ਰਾਤ ਤੋਂ ਇੱਕ ਨਵੀਂ ਪੱਛਮੀ ਗੜਬੜ ਪੱਛਮੀ ਹਿਮਾਲੀਅਨ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਪਰ ਇਸਦਾ ਪੰਜਾਬ ‘ਚ ਬਾਰਿਸ਼ ਦੇ ਰੂਪ ਵਿੱਚ ਵੱਡਾ ਅਸਰ ਪੈਣ ਦੀ ਸੰਭਾਵਨਾ ਨਹੀਂ।
ਅਗਲੇ ਦਿਨਾਂ ਦਾ ਅਨੁਮਾਨ
ਮੌਸਮ ਵਿਭਾਗ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ ਅਗਲੇ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਦੀ ਪੂਰੀ ਉਮੀਦ ਹੈ। ਅਗਲੇ ਚਾਰ ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ ਵੱਡਾ ਬਦਲਾਅ ਨਹੀਂ ਆਵੇਗਾ, ਹਾਲਾਂਕਿ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਾਧਾ ਹੋ ਸਕਦਾ ਹੈ। ਇਸਦੇ ਨਾਲ ਹੀ ਕੁਝ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਸਵੇਰ ਵੇਲੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ।

