ਚੰਡੀਗੜ੍ਹ :- ਜ਼ੀਰਕਪੁਰ ਦੇ ਨੇੜਲੇ ਇਲਾਕੇ ਹਰਮਿਲਾਪ ਨਗਰ ਬਲਟਾਣਾ ਵਿੱਚ ਇਕ ਨਿਹੰਗ ਸਿੰਘ ਉੱਤੇ ਤਲਵਾਰ ਨਾਲ ਕਤਲ ਦੀ ਨੀਅਤ ਨਾਲ ਹਮਲਾ ਹੋਣ ਦਾ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦਾ ਪਹਿਲਾਂ ਢਕੋਲੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਕੀਤਾ ਗਿਆ, ਜਿਥੋਂ ਉਸਨੂੰ ਅੱਗੇ ਚੰਡੀਗੜ੍ਹ ਦੇ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਭੇਜਿਆ ਗਿਆ। ਇਸ ਵੇਲੇ ਉਹ ਪੀਜੀਆਈ ਵਿੱਚ ਇਲਾਜ ਅਧੀਨ ਹੈ ਅਤੇ ਡਾਕਟਰ ਉਸਦੀ ਹਾਲਤ ‘ਤੇ ਨਜ਼ਰ ਰੱਖ ਰਹੇ ਹਨ।
ਘਰ ਬੁਲਾ ਕੇ ਕੀਤਾ ਹਮਲਾ
ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਸੁਖਮੰਦਰ ਸਿੰਘ (34), ਪੁੱਤਰ ਦਰਸ਼ਨ ਸਿੰਘ, ਵਾਸੀ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ, ਜੋ ਬੁੱਢਾ ਦੱਲ ਨਾਲ ਸੰਬੰਧਤ ਹੈ, ਨੇ ਦੱਸਿਆ ਕਿ 13 ਫਰਵਰੀ ਦੀ ਸ਼ਾਮ ਉਸਨੂੰ ਉਸਦੇ ਜਾਣ-ਪਛਾਣ ਵਾਲੇ ਨਿਹੰਗ ਸਿੰਘ ਹਰਜੋਤ ਸਿੰਘ ਨੇ ਆਪਣੇ ਘਰ ਬੁਲਾਇਆ ਸੀ। ਰਾਤ ਕਰੀਬ 7:30 ਵਜੇ ਉਹ ਹਰਮਿਲਾਪ ਨਗਰ ਸਥਿਤ ਘਰ ਪਹੁੰਚਿਆ। ਦੋਹਾਂ ਵਿਚਾਲੇ ਗੱਲਬਾਤ ਦੌਰਾਨ ਤਕਰਾਰ ਹੋ ਗਈ, ਜੋ ਬਾਅਦ ਵਿੱਚ ਤਿੱਖੀ ਬਹਿਸ ਵਿੱਚ ਬਦਲ ਗਈ।
ਸ਼ਿਕਾਇਤ ਅਨੁਸਾਰ ਹਾਲਾਤ ਉਸ ਵੇਲੇ ਬੇਕਾਬੂ ਹੋ ਗਏ ਜਦੋਂ ਕਰੀਬ 10 ਵਜੇ ਸੁਖਮੰਦਰ ਸਿੰਘ ਉਥੋਂ ਜਾਣ ਲੱਗਾ। ਦੋਸ਼ ਹੈ ਕਿ ਹਰਜੋਤ ਸਿੰਘ ਨੇ ਕਮਰੇ ਵਿੱਚੋਂ ਤਲਵਾਰ ਕੱਢ ਕੇ ਉਸ ‘ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਆਪਣੇ ਸਿਰ ਦੀ ਰੱਖਿਆ ਕਰਦਿਆਂ ਸੁਖਮੰਦਰ ਦਾ ਖੱਬਾ ਅੰਗੂਠਾ ਕੱਟ ਗਿਆ ਅਤੇ ਉਸਦੇ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਗੰਭੀਰ ਚੋਟਾਂ ਲੱਗੀਆਂ।
ਸ਼ੋਰ ਮਚਣ ‘ਤੇ ਦੋਸ਼ੀ ਫ਼ਰਾਰ
ਘਟਨਾ ਦੌਰਾਨ ਪੈਦਾ ਹੋਏ ਸ਼ੋਰ-ਸ਼ਰਾਬੇ ਨਾਲ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੂੰ ਆਉਂਦਾ ਦੇਖ ਦੋਸ਼ੀ ਮੌਕੇ ਤੋਂ ਨਿਕਲ ਗਿਆ। ਜ਼ਖ਼ਮੀ ਸੁਖਮੰਦਰ ਸਿੰਘ ਬੇਹੋਸ਼ ਹੋ ਗਿਆ, ਜਿਸਨੂੰ ਇਲਾਕਾ ਵਾਸੀਆਂ ਨੇ ਐਂਬੂਲੈਂਸ ਰਾਹੀਂ ਢਕੋਲੀ ਦੇ ਸਿਵਲ ਹਸਪਤਾਲ ਪਹੁੰਚਾਇਆ। ਉਥੋਂ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਪਹਿਲਾਂ ਜੀਐਮਸੀਐਚ-32 ਅਤੇ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ।
ਪੁਲਿਸ ਵੱਲੋਂ ਮਾਮਲਾ ਦਰਜ, ਛਾਪੇਮਾਰੀ ਜਾਰੀ
ਪੀਜੀਆਈ ਪੁਲਿਸ ਚੌਕੀ ਨੂੰ ਸੂਚਨਾ ਮਿਲਣ ਉਪਰੰਤ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ। ਡਾਕਟਰੀ ਰਾਏ ਹਾਸਲ ਕਰਨ ਤੋਂ ਬਾਅਦ ਪੀੜਤ ਦੇ ਬਿਆਨ ਦਰਜ ਕਰਕੇ ਹਰਜੋਤ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।

