ਚੰਡੀਗੜ੍ਹ :- ਪੰਜਾਬ ਵਿੱਚ ਰਾਤਾਂ ਦੌਰਾਨ ਤਾਪਮਾਨ ਲਗਾਤਾਰ ਹੇਠਾਂ ਡਿੱਗ ਰਿਹਾ ਹੈ। ਵੱਧ ਤੋਂ ਵੱਧ ਤਾਪਮਾਨ ਹਾਲੇ ਆਮ ਦੇ ਨੇੜੇ ਹੈ, ਪਰ ਘੱਟੋ-ਘੱਟ ਤਾਪਮਾਨ ਵਿੱਚ ਕਮੀ ਸੂਬੇ ਵਿੱਚ ਠੰਡ ਦੇ ਵਧਣ ਵੱਲ ਇਸ਼ਾਰਾ ਕਰਦੀ ਹੈ। ਆਉਣ ਵਾਲੇ ਹਫ਼ਤੇ ਵਿੱਚ ਮੌਸਮ ਵਿੱਚ ਵੱਡੀ ਤਬਦੀਲੀ ਦੀ ਸੰਭਾਵਨਾ ਨਹੀਂ, ਹਾਲਾਂਕਿ ਰਾਤ ਦੀ ਠੰਢ ਜਾਰੀ ਰਹੇਗੀ।
ਇਸ ਹਫ਼ਤੇ ਮੀਂਹ ਦੇ ਚਾਂਸ ਘੱਟ, ਮੌਸਮ ਮੁਕਾਬਲਤਨ ਸੁੱਕਾ
ਆਈਐਮਡੀ ਨੇ ਅਨੁਮਾਨ ਲਾਇਆ ਹੈ ਕਿ ਪੰਜਾਬ ਵਿੱਚ ਇਸ ਹਫ਼ਤੇ ਮੀਂਹ ਪੈਣ ਦੀ ਸੰਭਾਵਨਾ ਕਾਫੀ ਘੱਟ ਹੈ। ਦਿਨ ਦਾ ਤਾਪਮਾਨ ਆਮ ਪੱਧਰ ਤੋਂ ਥੋੜ੍ਹਾ ਵੱਧ ਰਹਿ ਸਕਦਾ ਹੈ, ਪਰ ਰਾਤਾਂ ਵਿੱਚ ਠੰਡ ਮਹਿਸੂਸਣਯੋਗ ਰਹੇਗੀ।
ਅਗਲੇ 3–4 ਦਿਨ: ਉੱਤਰੀ ਭਾਰਤ ਵਿੱਚ ਤਾਪਮਾਨ 7 ਤੋਂ 10 ਡਿਗਰੀ ਤੱਕ ਘਟ ਸਕਦਾ
ਮੌਸਮ ਵਿਭਾਗ ਦੇ ਮੁਤਾਬਕ ਅਗਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਤਾਪਮਾਨ ਵਿੱਚ ਵੱਡੀ ਕਮੀ ਦਰਜ ਹੋ ਸਕਦੀ ਹੈ। ਇਸਦੇ ਨਾਲ ਹੀ ਪੰਜਾਬ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਵੀ ਘੱਟੋ-ਘੱਟ ਤਾਪਮਾਨ 7 ਤੋਂ 10 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਸਕਦਾ ਹੈ।
ਲਾ ਨੀਨਾ ਦੇ ਕਾਰਨ ਤਾਪਮਾਨ ਅਤੇ ਹਵਾਵਾਂ ਵਿੱਚ ਬਦਲਾਅ
ਲਾ ਨੀਨਾ ਦਾ ਪ੍ਰਭਾਵ ਇਸ ਵਾਰ ਵੱਧ ਸਪੱਸ਼ਟ ਹੋ ਰਿਹਾ ਹੈ। ਮੌਨਸੂਨ ਵਿੱਚ ਵੱਧ ਬਾਰਿਸ਼ ਦੇਣ ਵਾਲਾ ਇਹ ਮੌਸਮੀ ਪ੍ਰਭਾਵ ਸਰਦੀਆਂ ਵਿੱਚ ਠੰਡੀਆਂ ਹਵਾਵਾਂ ਨੂੰ ਹੋਰ ਤਿੱਖਾ ਕਰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਸਿਰਫ਼ ਤਾਪਮਾਨ ਤੱਕ ਸੀਮਿਤ ਨਹੀਂ, ਸਗੋਂ ਹਵਾਈ ਗਤੀਵਿਧੀਆਂ ਅਤੇ ਬਾਰਿਸ਼ ਦੇ ਪੈਟਰਨਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਧੁੰਦ ਅਤੇ ਠੰਢ ਕਾਰਨ ਸਫ਼ਰ ਅਤੇ ਸਿਹਤ ’ਤੇ ਅਸਰ
ਆਉਣ ਵਾਲੇ ਦਿਨਾਂ ਵਿੱਚ ਧੁੰਦ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ। ਠੰਡ ਅਤੇ ਧੁੰਦ ਕਾਰਨ ਸਾਸ਼-ਸਬੰਧੀ ਬਿਮਾਰੀਆਂ ਦਾ ਖ਼ਤਰਾ ਵੀ ਵਧ ਸਕਦਾ ਹੈ। ਮੌਸਮ ਵਿਗਿਆਨੀ ਕਹਿੰਦੇ ਹਨ ਕਿ ਸਰਦੀਆਂ ਆਮ ਨਾਲੋਂ ਜਲਦੀ ਸ਼ੁਰੂ ਹੋ ਗਈਆਂ ਹਨ ਅਤੇ ਫਰਵਰੀ ਤੱਕ ਇਸਦਾ ਪ੍ਰਭਾਵ ਰਹਿ ਸਕਦਾ ਹੈ।

