ਚੰਡੀਗੜ੍ਹ :- ਪੰਜਾਬ ‘ਚ ਮੌਸਮ ਹੌਲੀ-ਹੌਲੀ ਠੰਢ ਵੱਲ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਰਾਤ ਦੇ ਘੱਟੋ-ਘੱਟ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ, ਜਦਕਿ ਦਿਨ ਦਾ ਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਵਧਿਆ ਹੈ। ਮੌਸਮ ਵਿਭਾਗ ਅਨੁਸਾਰ ਤਾਪਮਾਨ ਇਸ ਸਮੇਂ ਮੌਸਮੀ ਦਰਜੇ ਦੇ ਆਸ-ਪਾਸ ਹੀ ਹੈ।
ਮੀਂਹ ਦੀ ਸੰਭਾਵਨਾ ਘੱਟ, ਪਹਾੜੀ ਹਵਾਵਾਂ ਨਾਲ ਠੰਢ ਦਾ ਅਹਿਸਾਸ
ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਪਹਾੜਾਂ ਤੋਂ ਵੱਗ ਰਹੀਆਂ ਠੰਡੀ ਹਵਾਵਾਂ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਠੰਢ ਦਾ ਅਹਿਸਾਸ ਵਧੇਗਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਸਮ ਖੁਸ਼ਕ ਰਹੇਗਾ ਤੇ ਹਵਾ ਦਾ ਤਾਪਮਾਨ ਹੌਲੇ-ਹੌਲੇ ਘਟੇਗਾ।
ਹਵਾ ਦੀ ਘੱਟ ਗਤੀ ਨਾਲ ਵਧਿਆ ਪ੍ਰਦੂਸ਼ਣ, ਕਈ ਸ਼ਹਿਰਾਂ ਵਿੱਚ ਹਾਲਤ ਖ਼ਰਾਬ
ਉੱਤਰੀ ਭਾਰਤ ਵਿੱਚ ਹਵਾ ਦੀ ਗਤੀ ਘਟਣ ਕਾਰਨ ਪੰਜਾਬ ਵਿੱਚ ਪ੍ਰਦੂਸ਼ਣ ਦੇ ਪੱਧਰ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮਾਹਿਰਾਂ ਦੇ ਅਨੁਸਾਰ, ਹਵਾ ਦੀ ਹੌਲੀ ਚਾਲ ਕਾਰਨ ਧੂਲ ਤੇ ਧੁਆਂ ਹਵਾ ਵਿੱਚ ਠਹਿਰ ਰਿਹਾ ਹੈ। ਪਿਛਲੇ ਦਿਨਾਂ ਹੋਈ ਹਲਕੀ ਬਾਰਿਸ਼ ਨਾਲ ਕੁਝ ਸਮੇਂ ਲਈ ਪ੍ਰਦੂਸ਼ਣ ਘਟਿਆ ਸੀ, ਪਰ ਹੁਣ ਹਵਾ ਦੀ ਦਿਸ਼ਾ ਬਦਲਣ ਨਾਲ ਪ੍ਰਦੂਸ਼ਣ ਮੁੜ ਵਧ ਗਿਆ ਹੈ।
ਪਰਾਲੀ ਸਾੜਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ
ਪਿਛਲੇ 24 ਘੰਟਿਆਂ ਦੌਰਾਨ ਸੂਬੇ ਵਿੱਚ ਪਰਾਲੀ ਸਾੜਨ ਦੇ 100 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਸੈਟੇਲਾਈਟ ਨਿਗਰਾਨੀ ਅੰਕੜਿਆਂ ਮੁਤਾਬਕ, ਮੁਕਤਸਰ ਵਿੱਚ ਸਭ ਤੋਂ ਵੱਧ 16 ਮਾਮਲੇ, ਮੋਗਾ ਵਿੱਚ 13, ਲੁਧਿਆਣਾ ਵਿੱਚ 12, ਫਿਰੋਜ਼ਪੁਰ ਤੇ ਸੰਗਰੂਰ ਵਿੱਚ 9-9, ਜਦਕਿ ਫਾਜ਼ਿਲਕਾ ਤੇ ਮਾਲੇਰਕੋਟਲਾ ਵਿੱਚ 7-7 ਮਾਮਲੇ ਸਾਹਮਣੇ ਆਏ ਹਨ।
ਸੂਬੇ ਭਰ ਵਿੱਚ ਹੁਣ ਤੱਕ 3,384 ਮਾਮਲੇ ਸਾਹਮਣੇ
15 ਸਤੰਬਰ ਤੋਂ ਹੁਣ ਤੱਕ ਪੰਜਾਬ ਵਿੱਚ ਕੁੱਲ 3,384 ਪਰਾਲੀ ਸਾੜਨ ਦੇ ਕੇਸ ਦਰਜ ਹੋਏ ਹਨ। ਇਨ੍ਹਾਂ ਵਿੱਚ ਸੰਗਰੂਰ ਜ਼ਿਲ੍ਹਾ ਸਭ ਤੋਂ ਅੱਗੇ ਹੈ, ਜਿੱਥੇ 566 ਮਾਮਲੇ ਰਿਪੋਰਟ ਹੋਏ ਹਨ। ਤਰਨਤਾਰਨ ਜ਼ਿਲ੍ਹੇ ਵਿੱਚ, ਜਿੱਥੇ 11 ਨਵੰਬਰ ਨੂੰ ਚੋਣਾਂ ਹੋਣੀਆਂ ਹਨ, 541 ਮਾਮਲਿਆਂ ਨਾਲ ਇਹ ਦੂਜੇ ਸਥਾਨ ‘ਤੇ ਹੈ। ਇਸ ਤੋਂ ਇਲਾਵਾ, ਫਿਰੋਜ਼ਪੁਰ ਵਿੱਚ 334, ਅੰਮ੍ਰਿਤਸਰ ਵਿੱਚ 290, ਤੇ ਬਠਿੰਡਾ ਵਿੱਚ 234 ਕੇਸ ਦਰਜ ਕੀਤੇ ਗਏ ਹਨ।
ਪ੍ਰਦੂਸ਼ਣ ਤੇ ਮੌਸਮ ਦੋਵੇਂ ਬਣੇ ਚੁਣੌਤੀ
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਹਵਾ ਦੀ ਘੱਟ ਗਤੀ ਇਉਂ ਹੀ ਜਾਰੀ ਰਹੀ, ਤਾਂ ਅਗਲੇ ਕੁਝ ਦਿਨਾਂ ਵਿੱਚ ਹਵਾ ਦੀ ਗੁਣਵੱਤਾ ਹੋਰ ਖ਼ਰਾਬ ਹੋ ਸਕਦੀ ਹੈ। ਇਸ ਨਾਲ ਨਾਲ ਠੰਢ ਵਧਣ ਕਾਰਨ ਲੋਕਾਂ ਨੂੰ ਸਵੇਰੇ ਤੇ ਸ਼ਾਮ ਦੇ ਸਮੇਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

