ਚੰਡੀਗੜ੍ਹ :- ਗੁਰਵਿੰਦਰ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪੁਲਿਸ ਜਾਂਚ ਦੌਰਾਨ ਇਕ ਹੋਰ ਅਹਿਮ ਕੜੀ ਸਾਹਮਣੇ ਆਈ ਹੈ। ਇਸ ਸਨਸਨੀਖੇਜ਼ ਕਤਲ ਕਾਂਡ ਵਿੱਚ ਹੁਣ ਆਰੋਪੀ ਪਤਨੀ ਰੁਪਿੰਦਰ ਕੌਰ ਦੀ ਨਜ਼ਦੀਕੀ ਸਹੇਲੀ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨਾਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ।
ਰਾਤ ਦੇ ਹਨੇਰੇ ‘ਚ ਰਚੀ ਗਈ ਸੀ ਖੂਨੀ ਸਾਜ਼ਿਸ਼
ਪੁਲਿਸ ਅਨੁਸਾਰ, 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁੱਖਣਵਾਲਾ ਵਿੱਚ ਰੁਪਿੰਦਰ ਕੌਰ ਨੇ ਆਪਣੇ ਆਸ਼ਿਕ ਹਰਕਵਲ ਪ੍ਰੀਤ ਅਤੇ ਇਕ ਹੋਰ ਸਾਥੀ ਦੀ ਮਦਦ ਨਾਲ ਆਪਣੇ ਪਤੀ ਗੁਰਵਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਘਟਨਾ ਤੋਂ ਬਾਅਦ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਤਿੰਨਾਂ ਮੁੱਖ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਜਾਂਚ ‘ਚ ਖੁਲਾਸਾ—ਸਹੇਲੀ ਨੂੰ ਪਹਿਲਾਂ ਤੋਂ ਸੀ ਸਾਰੀ ਜਾਣਕਾਰੀ
ਜਾਂਚ ਨੂੰ ਅੱਗੇ ਵਧਾਉਂਦਿਆਂ ਪੁਲਿਸ ਸਾਹਮਣੇ ਇਹ ਤੱਥ ਆਏ ਕਿ ਰੁਪਿੰਦਰ ਕੌਰ ਦੀ ਸਹੇਲੀ ਵੀਰ ਇੰਦਰ ਕੌਰ, ਜੋ ਫਰੀਦਕੋਟ ਦੀ ਰਹਿਣ ਵਾਲੀ ਹੈ, ਕਤਲ ਦੀ ਸਾਜ਼ਿਸ਼ ਤੋਂ ਪਹਿਲਾਂ ਹੀ ਵਾਕ਼ਫ਼ ਸੀ। ਪੁਲਿਸ ਮੁਤਾਬਕ, ਵੀਰ ਇੰਦਰ ਕੌਰ ਅਤੇ ਰੁਪਿੰਦਰ ਕੌਰ ਸਕੂਲ ਸਮੇਂ ਦੀਆਂ ਸਹਿਪਾਠੀਆਂ ਰਹਿ ਚੁੱਕੀਆਂ ਹਨ ਅਤੇ ਕੈਨੇਡਾ ਤੋਂ ਵਾਪਸੀ ਮਗਰੋਂ ਦੋਹਾਂ ਵਿਚਕਾਰ ਮੁੜ ਨਜ਼ਦੀਕੀਆਂ ਵਧ ਗਈਆਂ ਸਨ।
ਡੀਐਸਪੀ ਦਾ ਬਿਆਨ—ਚੁੱਪੀ ਨੇ ਲਈ ਇੱਕ ਜਾਨ
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਆਪਣੇ ਦਿਲ ਦੀ ਹਰ ਗੱਲ ਵੀਰ ਇੰਦਰ ਕੌਰ ਨਾਲ ਸਾਂਝੀ ਕਰਦੀ ਸੀ ਅਤੇ ਗੁਰਵਿੰਦਰ ਸਿੰਘ ਦੀ ਹੱਤਿਆ ਨਾਲ ਜੁੜੀ ਯੋਜਨਾ ਬਾਰੇ ਵੀ ਉਸਨੂੰ ਜਾਣੂ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਵੀਰ ਇੰਦਰ ਕੌਰ ਸਮੇਂ ‘ਤੇ ਪੁਲਿਸ ਨੂੰ ਸੂਚਿਤ ਕਰ ਦਿੰਦੀ, ਤਾਂ ਸ਼ਾਇਦ ਇੱਕ ਬੇਕਸੂਰ ਦੀ ਜਾਨ ਬਚ ਸਕਦੀ ਸੀ।
ਅਦਾਲਤ ਨੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ
ਅੱਜ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੀ ਗਈ ਵੀਰ ਇੰਦਰ ਕੌਰ ਨੂੰ ਸਿਵਲ ਜੱਜ ਜੁਗਰਾਜ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਉਸਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਮਾਮਲੇ ਦੀ ਅਗਲੀ ਸੁਣਵਾਈ 22 ਦਸੰਬਰ ਨੂੰ ਹੋਵੇਗੀ।
ਚਾਰੋਂ ਆਰੋਪੀ ਇਕੱਠੇ ਹੋਣਗੇ ਅਦਾਲਤ ‘ਚ ਪੇਸ਼
ਗੌਰਤਲਬ ਹੈ ਕਿ ਪਹਿਲਾਂ ਤੋਂ ਗ੍ਰਿਫ਼ਤਾਰ ਤਿੰਨੇ ਮੁੱਖ ਆਰੋਪੀ ਇਸ ਸਮੇਂ ਫਰੀਦਕੋਟ ਦੀ ਜੇਲ੍ਹ ਵਿੱਚ ਨਿਆਂਇਕ ਹਿਰਾਸਤ ‘ਚ ਬੰਦ ਹਨ। ਹੁਣ ਪੁਲਿਸ ਵੱਲੋਂ ਚਾਰੋਂ ਆਰੋਪੀਆਂ ਨੂੰ 22 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

