ਚੰਡੀਗੜ੍ਹ :- ਪੰਜਾਬ ਵਿੱਚ ਜਿੰਮ ਕਰਦੇ ਸਮੇਂ ਨੌਜਵਾਨਾਂ ਨੂੰ ਅਚਾਨਕ ਦਿਲ ਦੇ ਦੌਰੇ ਪੈਣ ਦੀਆਂ ਘਟਨਾਵਾਂ ਵਧਣ ਤੋਂ ਬਾਅਦ ਸਰਕਾਰ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹੁਣ ਜਿੰਮ ਵਿੱਚ ਵਰਤੇ ਜਾਣ ਵਾਲੇ ਪ੍ਰੋਟੀਨ ਪਾਊਡਰ ਅਤੇ ਸਪਲੀਮੈਂਟਸ ਦੀ ਲੈਬੋਰਟਰੀ ਜਾਂਚ ਕਰਵਾਈ ਜਾਵੇਗੀ, ਤਾਂ ਜੋ ਇਹ ਪਤਾ ਲੱਗ ਸਕੇ ਕਿ ਉਨ੍ਹਾਂ ਵਿੱਚ ਕੋਈ ਮਿਲਾਵਟ ਜਾਂ ਸਿਹਤ ਲਈ ਹਾਨਿਕਾਰਕ ਤੱਤ ਤਾਂ ਨਹੀਂ।
CPR ਸਿਖਲਾਈ ਦਾ ਪ੍ਰਬੰਧ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਜ਼ਰੂਰੀ ਜਾਣਕਾਰੀ ਦੇਣ ਲਈ CPR ਟ੍ਰੇਨਿੰਗ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ। ਇਸ ਨਾਲ ਅਜਿਹੀਆਂ ਐਮਰਜੈਂਸੀ ਸਥਿਤੀਆਂ ਵਿੱਚ ਮੌਕੇ ‘ਤੇ ਜ਼ਿੰਦਗੀ ਬਚਾਉਣ ਦੀ ਸੰਭਾਵਨਾ ਵਧੇਗੀ।
ਹਵਾ ਤੇ ਆਕਸੀਜਨ ਪੱਧਰ ‘ਤੇ ਨਿਗਰਾਨੀ
ਸਰਕਾਰ ਨੇ ਸਿਰਫ਼ ਸਪਲੀਮੈਂਟਸ ਹੀ ਨਹੀਂ, ਬਲਕਿ ਜਿੰਮ ਦੇ ਵਾਤਾਵਰਣ ‘ਤੇ ਵੀ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ। ਹੁਣ ਜਿੰਮ ਹਾਲਾਂ ਵਿੱਚ ਹਵਾ ਪ੍ਰਦੂਸ਼ਣ ਤੇ ਆਕਸੀਜਨ ਦੇ ਪੱਧਰ ਦੀ ਜਾਂਚ ਕੀਤੀ ਜਾਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਵਰਜ਼ਿਸ਼ ਕਰਦੇ ਹਨ, ਤਾਂ ਆਕਸੀਜਨ ਘੱਟ ਹੋ ਸਕਦੀ ਹੈ ਅਤੇ ਪ੍ਰਦੂਸ਼ਣ ਵਧ ਸਕਦਾ ਹੈ। ਇਸ ਦੀ ਜ਼ਿੰਮੇਵਾਰੀ ਪ੍ਰਦੂਸ਼ਣ ਵਿਭਾਗ ਨੂੰ ਸੌਂਪੀ ਗਈ ਹੈ।
ਮੈਦਾਨ ‘ਚ ਖੇਡਦੇ ਸਮੇਂ ਵੀ ਦਿਲ ਦੇ ਦੌਰੇ
ਹਾਲ ਹੀ ਵਿੱਚ ਫਿਰੋਜ਼ਪੁਰ ਵਿੱਚ 35 ਸਾਲਾ ਨੌਜਵਾਨ ਕ੍ਰਿਕਟ ਖੇਡਦਿਆਂ ਛੱਕਾ ਮਾਰਨ ਤੁਰੰਤ ਬਾਅਦ ਦਿਲ ਦੇ ਦੌਰੇ ਨਾਲ ਡਿੱਗ ਪਿਆ। ਦੋਸਤਾਂ ਨੇ ਉਸਨੂੰ CPR ਦੇ ਕੇ ਹਸਪਤਾਲ ਪਹੁੰਚਾਇਆ ਪਰ ਉਹ ਬਚ ਨਹੀਂ ਸਕਿਆ।
ਹੋਰ ਸ਼ਹਿਰਾਂ ‘ਚ ਵੀ ਵਾਪਰੀਆਂ ਘਟਨਾਵਾਂ
ਚੰਡੀਗੜ੍ਹ ਦੇ ਸੈਕਟਰ-40 ਵਿੱਚ ਵੀ ਇੱਕ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਬਠਿੰਡਾ ਵਿੱਚ ਨਗਰ ਨਿਗਮ ਦਫ਼ਤਰ ਅੰਦਰ ਇੱਕ ਕਰਮਚਾਰੀ ਗਰਮੀ ਕਾਰਨ ਬੇਹੋਸ਼ ਹੋ ਗਿਆ, ਜਿਸਨੂੰ ਮੰਤਰੀ ਰਵਜੋਤ ਸਿੰਘ ਨੇ ਮੌਕੇ ‘ਤੇ CPR ਦੇ ਕੇ ਜ਼ਿੰਦਗੀ ਬਚਾਈ।
ਸਕੂਲਾਂ ਵਿੱਚ ਵੀ ਨਵਾਂ ਨਿਯਮ
ਸਿਹਤ ਵਿਭਾਗ ਨੇ ਇਹ ਵੀ ਐਲਾਨ ਕੀਤਾ ਹੈ ਕਿ ਹੁਣ ਸਕੂਲਾਂ ਤੇ ਕਾਲਜਾਂ ਵਿੱਚ ਐਨਰਜੀ ਡਰਿੰਕਸ ਦੀ ਵਰਤੋਂ ‘ਤੇ ਪਾਬੰਦੀ ਲਗਾਈ ਜਾਵੇਗੀ, ਤਾਂ ਜੋ ਨੌਜਵਾਨਾਂ ਦੀ ਸਿਹਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ।