ਅੰਮ੍ਰਿਤਸਰ :- ਪੰਜਾਬ ਕ੍ਰਿਕਟ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਨਵੇਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੀ ਨੀਂਹ ਦਸੰਬਰ ਦੇ ਅਖੀਰ ਤੱਕ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ ਤੋਂ ਬਾਅਦ ਤਿਆਰੀਆਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।
ਅੰਮ੍ਰਿਤਸਰ ਬਣੇਗਾ ਖੇਡਾਂ ਦਾ ਨਵਾਂ ਕੇਂਦਰ
ਅਮਰਜੀਤ ਮਹਿਤਾ ਨੇ ਕਿਹਾ ਕਿ ਇਸ ਸਟੇਡੀਅਮ ਦੇ ਤਿਆਰ ਹੋਣ ਨਾਲ ਅੰਮ੍ਰਿਤਸਰ ਖੇਡਾਂ ਦਾ ਇੱਕ ਨਵਾਂ ਕੇਂਦਰ ਬਣੇਗਾ। ਇਹ ਸਿਰਫ਼ ਸੂਬੇ ਹੀ ਨਹੀਂ ਸਗੋਂ ਦੇਸ਼ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਅੰਮ੍ਰਿਤਸਰ ਦੀ ਪਛਾਣ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੰਜਾਬ ਦੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਸਾਬਤ ਹੋਵੇਗਾ।
ਪਹਿਲੀ ਵਾਰ ਮਹਿਲਾਵਾਂ ਲਈ ਖ਼ਾਸ ਕ੍ਰਿਕਟ ਕੋਚਿੰਗ ਅਕੈਡਮੀ
ਮਹਿਤਾ ਨੇ ਖੁਲਾਸਾ ਕੀਤਾ ਕਿ ਪੰਜਾਬ ਕ੍ਰਿਕਟ ਐਸੋਸੀਏਸ਼ਨ ਪਹਿਲੀ ਵਾਰ ਮਹਿਲਾ ਖਿਡਾਰਨਾਵਾਂ ਲਈ ਖ਼ਾਸ ਕੋਚਿੰਗ ਅਕੈਡਮੀ ਸ਼ੁਰੂ ਕਰਨ ਜਾ ਰਹੀ ਹੈ। ਇਸ ਅਕੈਡਮੀ ਵਿੱਚ ਮਹਿਲਾਵਾਂ ਨੂੰ ਵਿਸ਼ਵ ਪੱਧਰੀ ਟ੍ਰੇਨਿੰਗ ਸਹੂਲਤਾਂ ਦਿੱਤੀਆਂ ਜਾਣਗੀਆਂ ਤਾਂ ਜੋ ਉਹ ਭਵਿੱਖ ਵਿੱਚ ਭਾਰਤੀ ਮਹਿਲਾ ਟੀਮ ਦਾ ਹਿੱਸਾ ਬਣ ਸਕਣ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ ਧੀਆਂ ਲਈ ਸੁਨਹਿਰਾ ਮੌਕਾ ਹੋਵੇਗਾ, ਜਿਸ ਨਾਲ ਸੂਬੇ ਦੀ ਮਹਿਲਾ ਕ੍ਰਿਕਟ ਨੂੰ ਨਵਾਂ ਰੁਖ਼ ਮਿਲੇਗਾ।
ਵਰਲਡ ਕੱਪ ਖਿਡਾਰਨਾਵਾਂ ਲਈ ਇਨਾਮ ਦਾ ਐਲਾਨ
ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਹਾਲ ਹੀ ਵਿੱਚ ਵਰਲਡ ਕੱਪ ਖੇਡਣ ਵਾਲੀਆਂ ਪੰਜਾਬ ਦੀਆਂ ਮਹਿਲਾ ਖਿਡਾਰਨਾਵਾਂ ਲਈ ਇਨਾਮ ਦਾ ਐਲਾਨ ਕੀਤਾ ਗਿਆ ਹੈ। ਹਰ ਖਿਡਾਰਨ ਨੂੰ 11 ਲੱਖ ਰੁਪਏ ਅਤੇ ਟੀਮ ਦੇ ਕੋਚ ਨੂੰ 5 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਅਮਰਜੀਤ ਮਹਿਤਾ ਨੇ ਕਿਹਾ ਕਿ ਇਹ ਇਨਾਮ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਦੇਸ਼ ਲਈ ਖੇਡਣ ਵਾਲੇ ਜਜ਼ਬੇ ਦੀ ਕਦਰ ਵਜੋਂ ਦਿੱਤੇ ਜਾ ਰਹੇ ਹਨ।
ਸਰਕਾਰ ਤੇ ਐਸੋਸੀਏਸ਼ਨ ਦੇ ਸਾਂਝੇ ਯਤਨ
ਪ੍ਰਧਾਨ ਮਹਿਤਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕ੍ਰਿਕਟ ਐਸੋਸੀਏਸ਼ਨ ਮਿਲ ਕੇ ਨਵੇਂ ਖਿਡਾਰੀਆਂ ਲਈ ਢਾਂਚਾ ਅਤੇ ਮੌਕੇ ਤਿਆਰ ਕਰਨ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟੀਚਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਕ੍ਰਿਕਟ ਦੇ ਖੇਤਰ ਵਿੱਚ ਦੇਸ਼ ਦਾ ਅਗੇਤਾਰ ਸੂਬਾ ਬਣੇ ਅਤੇ ਇੱਥੋਂ ਦੇ ਖਿਡਾਰੀ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਮਾਣ ਵਧਾਉਣ।

