ਚੰਡੀਗੜ੍ਹ :- ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਅਰਦਾਸ ਉਪਰੰਤ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਨਵੇਂ ਅਤੇ ਤੀਖੇ ਸੰਘਰਸ਼ ਦੀ ਤਿਆਰੀ ਦਾ ਖੁਲਾਸਾ ਕੀਤਾ।
ਪੰਜਾਬ ਦਾ ਪਾਣੀ ਜ਼ਹਿਰ ਬਣਦਾ ਜਾ ਰਿਹਾ: ਕਿਸਾਨ ਆਗੂ
ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਦੇ ਜ਼ਮੀਨੀ ਅਤੇ ਪੀਣਯੋਗ ਪਾਣੀ ਵਿੱਚ ਫਲੋਰਾਈਡ, ਨਾਈਟਰੇਟ, ਆਰਸੇਨਿਕ ਅਤੇ ਯੂਰੇਨੀਅਮ ਵਰਗੇ ਖ਼ਤਰਨਾਕ ਤੱਤ ਮਿਲ ਰਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਹਾਲਾਤਾਂ ’ਤੇ ਤੁਰੰਤ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੇ ਕੁਝ ਸਾਲਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਘਰ-ਘਰ ਫੈਲ ਸਕਦੀਆਂ ਹਨ।
ਸਾਫ਼ ਪੀਣ ਵਾਲੇ ਪਾਣੀ ਦੀ ਤੁਰੰਤ ਮੰਗ
ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਲੋਕਾਂ ਲਈ ਸਾਫ਼ ਅਤੇ ਸੁਰੱਖਿਅਤ ਪੀਣਯੋਗ ਪਾਣੀ ਦੀ ਮੰਗ ਉਠਾਈ। ਆਗੂਆਂ ਦਾ ਕਹਿਣਾ ਸੀ ਕਿ ਪੰਜਾਬ ਦਾ ਪਾਣੀ ਬਿਨਾਂ ਵਿਧਾਨ ਸਭਾ ਦੀ ਮਨਜ਼ੂਰੀ ਦੇ ਗੈਰ-ਰਾਈਪੇਰੀਅਨ ਰਾਜਾਂ ਨੂੰ ਦਿੱਤਾ ਗਿਆ, ਜੋ ਸੰਵਿਧਾਨਕ ਉਲੰਘਣਾ ਹੈ।
ਪੁਰਾਣੇ ਸਮਝੌਤਿਆਂ ਦੀ ਸਜ਼ਾ ਅੱਜ ਭੁਗਤ ਰਿਹਾ ਪੰਜਾਬ
ਰਾਜੇਵਾਲ ਨੇ ਕਿਹਾ ਕਿ 1948 ਤੋਂ ਬਾਅਦ ਕੇਂਦਰ ਦੇ ਦਬਾਅ ਹੇਠ ਕਈ ਅਜਿਹੇ ਸਮਝੌਤੇ ਕਰਵਾਏ ਗਏ, ਜਿਨ੍ਹਾਂ ਨੇ ਪੰਜਾਬ ਦੇ ਹੱਕ ਖੋਹ ਲਏ। ਉਨ੍ਹਾਂ ਦੱਸਿਆ ਕਿ ਰਾਜਸਥਾਨ ਨੂੰ ਪੀਣ ਵਾਲੇ ਪਾਣੀ ਲਈ ਦਿੱਤਾ ਗਿਆ ਪਾਣੀ ਅੱਜ ਉਦਯੋਗਿਕ ਮਕਸਦਾਂ ਲਈ ਵਰਤਿਆ ਜਾ ਰਿਹਾ ਹੈ, ਜਿਸ ਤੋਂ ਕਰੋੜਾਂ ਦੀ ਕਮਾਈ ਹੋ ਰਹੀ ਹੈ, ਪਰ ਪੰਜਾਬ ਨੂੰ ਕੋਈ ਲਾਭ ਨਹੀਂ ਮਿਲ ਰਿਹਾ।
ਐਸਵਾਈਐਲ ਅਤੇ ਹੋਰ ਸਮਝੌਤਿਆਂ ਦਾ ਤਿੱਖਾ ਵਿਰੋਧ
ਕਿਸਾਨ ਆਗੂਆਂ ਨੇ ਐਸਵਾਈਐਲ ਕੈਨਾਲ, ਯਮੁਨਾ ਪਾਣੀ ਵੰਡ ਅਤੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਪੰਜਾਬ ਵਿਰੋਧੀ ਦੱਸਦਿਆਂ ਤਿੱਖਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਮੇਤ ਹੋਰ ਰਾਜ ਆਪਣੇ ਹਿੱਸੇ ਤੋਂ ਵੱਧ ਪਾਣੀ ਵਰਤ ਚੁੱਕੇ ਹਨ, ਜਦਕਿ ਪੰਜਾਬ ਅੱਜ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰ ਰਿਹਾ ਹੈ।
ਪਿੰਡ-ਪਿੰਡ ਜਾ ਕੇ ਜਾਗਰੂਕਤਾ ਮੁਹਿੰਮ ਦਾ ਐਲਾਨ
ਅੰਤ ਵਿੱਚ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਪਾਣੀ ਅਤੇ ਹੱਕਾਂ ਦੇ ਮਸਲੇ ’ਤੇ ਜਾਗਰੂਕ ਕਰਨਗੇ। ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਹੋਣ ਉਪਰੰਤ ਜਨਤਕ ਤੌਰ ’ਤੇ ਐਲਾਨੀ ਜਾਵੇਗੀ।

