ਜਲੰਧਰ :- ਜਲੰਧਰ ਵਿੱਚ ਚਰਚਿਤ ਨੈਨਸੀ ਗਰੇਵਾਲ ਕਤਲ ਮਾਮਲੇ ਤੋਂ ਬਾਅਦ ਉਸ ਦੀ ਮਾਂ ਵੱਲੋਂ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਸੰਦੇਸ਼ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧੀ ਦੀ ਅਚਾਨਕ ਮੌਤ ਨੇ ਉਨ੍ਹਾਂ ਨੂੰ ਅੰਦਰੋਂ ਤੋੜ ਦਿੱਤਾ ਹੈ ਅਤੇ ਉਹ ਇਸ ਸਮੇਂ ਗੰਭੀਰ ਸਦਮੇ ਵਿੱਚ ਹਨ। ਮਾਂ ਨੇ ਲਿਖਿਆ ਕਿ ਧੀ ਦੇ ਵਿਛੋੜੇ ਦਾ ਦੁੱਖ ਇੰਨਾ ਵੱਡਾ ਹੈ ਕਿ ਉਨ੍ਹਾਂ ਲਈ ਸਮਝਣਾ ਮੁਸ਼ਕਲ ਹੋ ਗਿਆ ਹੈ ਕਿ ਇਸ ਹਾਲਤ ਵਿੱਚ ਕੀ ਕਿਹਾ ਜਾਂ ਕੀ ਕੀਤਾ ਜਾਵੇ।
ਲੋਕਾਂ ਦੇ ਕਹਿਣ ‘ਤੇ ਲਏ ਕੁਝ ਨਾਮ, ਹੁਣ ਜਤਾਈ ਖੇਦ
ਆਪਣੀ ਪੋਸਟ ਵਿੱਚ ਉਨ੍ਹਾਂ ਦੱਸਿਆ ਕਿ ਉਸ ਸਮੇਂ ਕਈ ਲੋਕਾਂ ਵੱਲੋਂ ਫੋਨ ਕਰਕੇ ਵੱਖ-ਵੱਖ ਵਿਅਕਤੀਆਂ ਦੇ ਨਾਮ ਪੁੱਛੇ ਜਾ ਰਹੇ ਸਨ ਅਤੇ ਉਹ ਉਸ ਦਬਾਅ ਹੇਠ ਕੁਝ ਨਾਮ ਬਿਆਨ ਕਰ ਬੈਠੀ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਬਿਨਾਂ ਕਾਰਨ ਦੋਸ਼ੀ ਠਹਿਰਾਉਣਾ ਉਨ੍ਹਾਂ ਦਾ ਮਕਸਦ ਨਹੀਂ ਸੀ ਅਤੇ ਜੇਕਰ ਉਨ੍ਹਾਂ ਦੇ ਬਿਆਨਾਂ ਨਾਲ ਕਿਸੇ ਨੂੰ ਤਕਲੀਫ਼ ਪਹੁੰਚੀ ਹੈ ਤਾਂ ਉਹ ਇਸ ਲਈ ਹੱਥ ਜੋੜ ਕੇ ਮਾਫ਼ੀ ਮੰਗਦੀਆਂ ਹਨ।
ਜਾਂਚ ਪੁਲਿਸ ਦਾ ਕੰਮ, ਸੱਚ ਸਾਹਮਣੇ ਆਵੇਗਾ
ਨੈਨਸੀ ਦੀ ਮਾਂ ਨੇ ਕਿਹਾ ਕਿ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣਾ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਜ਼ਿੰਮੇਵਾਰੀ ਹੈ ਅਤੇ ਉਹ ਕਿਸੇ ਵੀ ਬੇਗੁਨਾਹ ਵਿਅਕਤੀ ਨੂੰ ਇਸ ਮਾਮਲੇ ਵਿੱਚ ਫਸਾਉਣਾ ਨਹੀਂ ਚਾਹੁੰਦੀਆਂ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਰੱਖਦੀਆਂ ਅਤੇ ਜੋ ਵੀ ਹਕੀਕਤ ਹੈ ਉਹ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆ ਜਾਵੇਗੀ।
ਸੋਸ਼ਲ ਮੀਡੀਆ ‘ਤੇ ਵਿਵਾਦ ਕਾਰਨ ਚਰਚਾ ਵਿੱਚ ਮਾਮਲਾ
ਨੈਨਸੀ ਗਰੇਵਾਲ ਦੀ ਮੌਤ ਤੋਂ ਬਾਅਦ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਲੋਕਾਂ ਅਤੇ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦੇ ਨਾਮ ਵੀ ਇਸ ਵਿਵਾਦ ਨਾਲ ਜੋੜੇ ਜਾ ਰਹੇ ਸਨ। ਹਾਲਾਂਕਿ ਹੁਣ ਮਾਂ ਵੱਲੋਂ ਜਾਰੀ ਕੀਤੇ ਗਏ ਖੇਦ ਪ੍ਰਗਟਾਵੇ ਤੋਂ ਬਾਅਦ ਪਹਿਲਾਂ ਚਰਚਾ ਵਿੱਚ ਆਏ ਕਈ ਵਿਅਕਤੀਆਂ ਨੂੰ ਕੁਝ ਹੱਦ ਤੱਕ ਰਾਹਤ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

