ਚੰਡੀਗੜ੍ਹ :- ਨਸ਼ਾ ਮੁਕਤ ਭਾਰਤ ਦੀ ਮੁਹਿੰਮ ਨੂੰ ਮਜ਼ਬੂਤ ਕਰਨ ਲਈ, ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਚੰਡੀਗੜ੍ਹ ਵਿੱਚ ‘ਨਮੋ ਯੂਵਾ ਰਨ’ ਦੀ ਸ਼ੁਰੂਆਤ ਕੀਤੀ। ਇਸ ਦੌੜ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ, ਵਿਦਿਆਰਥੀ, ਖਿਡਾਰੀ, ਫਿਟਨੈੱਸ ਆਈਕਨ ਅਤੇ ਸ਼ੌਕੀਨ ਸ਼ਾਮਲ ਹੋਏ।
ਬਬੀਤਾ ਫੋਗਾਟ ਦੀ ਵਿਸ਼ੇਸ਼ ਹਾਜ਼ਰੀ
ਭਾਰਤ ਦੀ ਓਲੰਪਿਕ ਸਟਾਰ ਅਤੇ ਅਰਜੁਨ ਅਵਾਰਡ ਪ੍ਰਾਪਤ ਬਬੀਤਾ ਫੋਗਾਟ ਨੇ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ। ਇਹ ਦੌੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਮੌਕੇ ‘ਸੇਵਾ ਪਖਵਾੜਾ’ ਤਹਿਤ ਆਯੋਜਿਤ ਕੀਤੀ ਗਈ ਸੀ।
ਚੰਡੀਗੜ੍ਹ ਕਲੱਬ ਤੋਂ ਸੁਖਨਾ ਝੀਲ ਤੱਕ ਦੌੜ
‘ਨਮੋ ਯੂਵਾ ਰਨ’ ਚੰਡੀਗੜ੍ਹ ਕਲੱਬ ਤੋਂ ਸ਼ੁਰੂ ਹੋ ਕੇ ਸੁਖਨਾ ਝੀਲ ‘ਤੇ ਖਤਮ ਹੋਈ। ਦੇਸ਼ ਦੇ 100 ਸ਼ਹਿਰਾਂ ਵਿੱਚ ਇੱਕੋ ਸਮੇਂ ਆਯੋਜਿਤ ਇਹ ਸਮਾਗਮ 10 ਲੱਖ ਤੋਂ ਵੱਧ ਨੌਜਵਾਨਾਂ ਦੀ ਭਾਗੀਦਾਰੀ ਨਾਲ ਦੇਸ਼ ਦੀ ਸਭ ਤੋਂ ਵੱਡੀ ਯੂਥ ਰਨ ਬਣ ਗਈ।
ਨੌਜਵਾਨਾਂ ਲਈ ਸੰਦੇਸ਼
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਦੌੜ ਪ੍ਰਧਾਨ ਮੰਤਰੀ ਮੋਦੀ ਦੇ ਸਿਹਤਮੰਦ ਜੀਵਨ ਅਤੇ ਨਸ਼ਾ ਮੁਕਤ ਭਾਰਤ ਦੇ ਸੰਦੇਸ਼ ਨੂੰ ਅੱਗੇ ਵਧਾਉਣ ਲਈ ਸਮਰਪਿਤ ਹੈ। ਇਸ ਨਾਲ ਨੌਜਵਾਨਾਂ ਵਿੱਚ ਤੰਦਰੁਸਤੀ, ਅਨੁਸ਼ਾਸਨ ਅਤੇ ਨਸ਼ੇ ਤੋਂ ਦੂਰ ਰਹਿਣ ਦੀ ਪ੍ਰੇਰਣਾ ਮਿਲੇਗੀ।
ਵਿਕਸਤ ਭਾਰਤ ਵੱਲ ਯਾਤਰਾ
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ 2047 ਤੱਕ ਇੱਕ ਵਿਕਸਤ ਭਾਰਤ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਚੰਡੀਗੜ੍ਹ ਲਈ ਇਹ ਮਾਣ ਦੀ ਗੱਲ ਹੈ ਕਿ ਉਹ ਇਸ ਰਾਸ਼ਟਰੀ ਮੁਹਿੰਮ ਦਾ ਹਿੱਸਾ ਬਣਿਆ।