ਨਾਭਾ :- ਨਾਭਾ ਦੇ ਰੋਹਟੀ ਪੁਲ ਨੇੜੇ ਤਨਿਸ਼ਕ ਫਰਨੀਚਰ ਫੈਕਟਰੀ ਵਿੱਚ ਅਚਾਨਕ ਲੱਗੀ ਅੱਗ ਨਾਲ ਵੱਡਾ ਨੁਕਸਾਨ ਵਾਪਰ ਗਿਆ। ਸ਼ਾਰਟ ਸਰਕਟ ਕਾਰਨ ਭੜਕੀ ਲਪਟਾਂ ਨੇ ਕੁਝ ਮਿੰਟਾਂ ਚ ਹੀ ਪੂਰੇ ਸ਼ੋਰੂਮ ਅਤੇ ਗੋਦਾਮ ਨੂੰ ਆਪਣੀ ਲਪੇਟ ਚ ਲੈ ਲਿਆ।
ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਨੇ ਘੰਟਿਆਂ ਕੀਤਾ ਸੰਘਰਸ਼
ਅੱਗ ਇਸ ਕਦਰ ਭਿਆਨਕ ਸੀ ਕਿ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੂੰ ਤਿੰਨ ਤੋਂ ਚਾਰ ਗੱਡੀਆਂ ਦੀ ਲੋੜ ਪਈ। ਕਈ ਘੰਟਿਆਂ ਦੀ ਮਸ਼ੱਕਤ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅਧਿਕਾਰੀਆਂ ਦੇ ਮੁਤਾਬਕ ਜੇਕਰ ਲਪਟਾਂ ਨੂੰ ਸਮੇਂ ਸਿਰ ਨਾ ਰੋਕਿਆ ਜਾਂਦਾ ਤਾਂ ਨਾਲ ਵਾਲੀਆਂ ਹੋਰ ਫੈਕਟਰੀਆਂ ਨੂੰ ਵੀ ਵੱਡਾ ਨੁਕਸਾਨ ਹੋ ਸਕਦਾ ਸੀ।
ਕਰਮਚਾਰੀ ਨੇ ਦੱਸਿਆ—”ਲਪਟਾਂ ਨੇ ਦੇਖਦੇ ਹੀ ਸਭ ਕੁਝ ਖਾ ਲਿਆ”
ਫੈਕਟਰੀ ਵਿੱਚ ਹੀ ਰਹਿਣ ਵਾਲੇ ਕਰਮਚਾਰੀ ਸ਼ਾਨਵਾਬ ਨੇ ਦੱਸਿਆ ਕਿ ਉਸਨੇ ਫਰਨੀਚਰ ਸੈਕਸ਼ਨ ਵਿੱਚੋਂ ਧੂੰਆਂ ਨਿਕਲਦੇ ਦੇਖਿਆ। ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਲਪਟਾਂ ਇੰਨੀ ਤੇਜ਼ ਸਨ ਕਿ ਪਲਕ ਝਪਕਣ ਵਿੱਚ ਪੂਰਾ ਗੋਦਾਮ ਸੁਆਹ ਹੋ ਗਿਆ।
ਮਾਲਕ ਦਾ ਦਰਦ—”ਮੇਰੀ ਸਾਰੀ ਉਮਰ ਦੀ ਕਮਾਈ ਸੜ ਗਈ”
ਮਾਲਕ ਅਸ਼ਵਨੀ ਕੁਮਾਰ ਨੇ ਕਿਹਾ ਕਿ ਕਰੀਬ 40 ਲੱਖ ਦਾ ਸਾਰਾ ਸਾਮਾਨ ਅੱਗ ਵਿੱਚ ਸੜ ਕੇ ਖ਼ਤਮ ਹੋ ਗਿਆ। ਉਨ੍ਹਾਂ ਨੇ ਸ਼ੱਕ ਜਤਾਇਆ ਕਿ ਇਹ ਹਾਦਸਾ ਬਿਜਲੀ ਦੇ ਸ਼ਾਰਟ ਸਰਕਟ ਦਾ ਨਤੀਜਾ ਹੈ।
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਰੋਬਾਰ ਹੀ ਉਨ੍ਹਾਂ ਦੇ ਪਰਿਵਾਰ ਦਾ ਇਕੱਲਾ ਆਧਾਰ ਸੀ, ਜੋ ਹੁਣ ਰਾਖ ਹੋ ਗਿਆ ਹੈ।
ਸਰਕਾਰੀ ਸਹਾਇਤਾ ਦੀ ਮੰਗ
ਕੌਂਸਲਰ ਗੁਰਸੇਵਕ ਸਿੰਘ ਗੋਲੂ ਨੇ ਹਾਦਸੇ ‘ਤੇ ਦੁੱਖ ਜਤਾਉਂਦੇ ਹੋਏ ਸਰਕਾਰ ਨੂੰ ਮਾਲਕ ਦੀ ਮਾਲੀ ਮਦਦ ਕਰਨ ਦੀ ਅਪੀਲ ਕੀਤੀ ਹੈ।
ਇਸਦੇ ਨਾਲ ਹੀ ਪੁਲਿਸ ਅਤੇ ਫਾਇਰ ਵਿਭਾਗ ਨੇ ਅੱਗ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

