ਫਤਿਹਗੜ੍ਹ :- ਡੇਰਾ ਬਾਬਾ ਨਾਨਕ ਹਲਕੇ ਅਧੀਨ ਪੈਂਦੇ ਫਤਿਹਗੜ੍ਹ ਨਜ਼ਦੀਕੀ ਪਿੰਡ ਸਮਰਾਏ ਤੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦਾ 32 ਸਾਲਾ ਨੌਜਵਾਨ ਬਲਵਿੰਦਰ ਸਿੰਘ, ਪੁੱਤਰ ਮੁੱਖਾ ਸਿੰਘ, ਜੋ ਘਰੇਲੂ ਤੰਗੀਆਂ ਤੋਂ ਉਬਰਣ ਦੀ ਨਾਲ ਕਰੀਬ ਛੇ ਮਹੀਨੇ ਪਹਿਲਾਂ ਦੁਬਈ ਗਿਆ ਸੀ, ਦੀ ਉੱਥੇ ਅਚਾਨਕ ਤੇ ਭੇਦਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ।
ਮੌਤ ਦੇ ਕਾਰਨ ਅਜੇ ਵੀ ਅਣਜਾਣ
ਪਰਿਵਾਰਕ ਮੈਂਬਰਾਂ ਨੂੰ ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਦੀ ਮੌਤ 4 ਫਰਵਰੀ ਨੂੰ ਹੋਈ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਸ ਦੀ ਜਾਨ ਕਿਸ ਕਾਰਨ ਗਈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾਂ ਤਾਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਂ ਹੀ ਕਿਸੇ ਸਰਕਾਰੀ ਏਜੰਸੀ ਵੱਲੋਂ ਸਪਸ਼ਟ ਰਿਪੋਰਟ ਮਿਲੀ ਹੈ।
ਲਾਸ਼ ਵਾਪਸ ਲਿਆਉਣ ਲਈ ਵੀ ਪੈਸਾ ਨਹੀਂ
ਦੁੱਖ ਦੀ ਘੜੀ ’ਚ ਪਰਿਵਾਰ ’ਤੇ ਆਰਥਿਕ ਸੰਕਟ ਹੋਰ ਵੀ ਗੰਭੀਰ ਬਣ ਗਿਆ ਹੈ। ਮ੍ਰਿਤਕ ਦੀ ਮਾਤਾ ਪੰਮੋ, ਪਤਨੀ ਪ੍ਰਵੀਨ ਕੁਮਾਰੀ ਅਤੇ ਭਰਾ ਕੁਲਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਕੋਲ ਇੰਨੇ ਵੀ ਸਾਧਨ ਨਹੀਂ ਕਿ ਪੁੱਤਰ ਦੀ ਮ੍ਰਿਤਕ ਦੇਹ ਨੂੰ ਦੁਬਈ ਤੋਂ ਆਪਣੇ ਪਿੰਡ ਲਿਆ ਸਕਣ।
ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਬਚਿਆ
ਮਾਂ ਪੰਮੋ ਨੇ ਰੋਦਿਆਂ ਦੱਸਿਆ ਕਿ ਪਰਿਵਾਰ ਪਹਿਲਾਂ ਹੀ ਭਾਰੀ ਸਦਮਿਆਂ ਵਿੱਚੋਂ ਗੁਜ਼ਰ ਚੁੱਕਾ ਹੈ। ਉਸ ਦੇ ਪਤੀ ਅਤੇ ਵੱਡੇ ਪੁੱਤਰ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ। ਹੁਣ ਬਲਵਿੰਦਰ ਸਿੰਘ ਦੀ ਮੌਤ ਨਾਲ ਘਰ ਵਿੱਚ ਕਮਾਈ ਦਾ ਇੱਕੋ ਇਕ ਸਹਾਰਾ ਵੀ ਖਤਮ ਹੋ ਗਿਆ ਹੈ। ਪਰਿਵਾਰ ਵਿੱਚ ਪੰਜ ਨਾਬਾਲਗ ਬੱਚੇ, ਤਿੰਨ ਵਿਧਵਾ ਔਰਤਾਂ ਹਨ ਅਤੇ ਰਹਿਣ ਲਈ ਕੱਚੇ ਮਕਾਨ ਵੀ ਡਿੱਗਣ ਦੀ ਕਗਾਰ ’ਤੇ ਹਨ।
ਰੋਟੀ ਅਤੇ ਛੱਤ ਦੋਵਾਂ ਲਈ ਸੰਘਰਸ਼
ਪਰਿਵਾਰ ਦਾ ਕਹਿਣਾ ਹੈ ਕਿ ਹਾਲਾਤ ਇੰਨੇ ਮਾੜੇ ਹਨ ਕਿ ਦੋ ਵੇਲੇ ਦੀ ਰੋਟੀ ਦਾ ਇੰਤਜ਼ਾਮ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਗਰੀਬੀ ਨੇ ਇਸ ਪਰਿਵਾਰ ਨੂੰ ਇਸ ਹੱਦ ਤੱਕ ਘੇਰ ਲਿਆ ਹੈ ਕਿ ਦੁੱਖ ਮਨਾਉਣ ਦੀ ਸਮਰਥਾ ਵੀ ਨਹੀਂ ਰਹੀ।
ਸਰਕਾਰ ਅਤੇ ਸਮਾਜ ਤੋਂ ਮਦਦ ਦੀ ਅਪੀਲ
ਪੀੜਤ ਪਰਿਵਾਰ ਨੇ ਪੰਜਾਬ ਸਰਕਾਰ, ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਬਲਵਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਤੁਰੰਤ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੀ ਰੋਜ਼ੀ-ਰੋਟੀ ਤੇ ਰਹਿਣ ਲਈ ਢੁੱਕਵੇਂ ਬੰਦੋਬਸਤ ਕੀਤੇ ਜਾਣ