ਮੋਗਾ :- ਮੋਗਾ ਨਗਰ ਨਿਗਮ ਨੂੰ ਅੱਜ 53 ਦਿਨਾਂ ਬਾਅਦ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਮੇਅਰ ਦੀ ਚੋਣ ਕਰਵਾਈ ਜਾਵੇਗੀ। ਇਸ ਸਬੰਧੀ ਕਾਂਗਰਸ ਦੇ ਕੌਂਸਲਰਾਂ ਵੱਲੋਂ ਅਦਾਲਤ ਦਾ ਦਰਵਾਜਾ ਖੜਕਾਇਆ ਗਿਆ ਸੀ, ਜਿਸ ਤੋਂ ਬਾਅਦ ਚੋਣ ਪ੍ਰਕਿਰਿਆ ਲਈ ਰਾਹ ਸਾਫ਼ ਹੋਇਆ।
ਪੁਰਾਣੇ ਮੇਅਰ ਨੂੰ ਪਾਰਟੀ ਤੋਂ ਕੱਢਣ ਮਗਰੋਂ ਬਣੀ ਸੀ ਸਥਿਤੀ
ਵਿਵਾਦ ਉਸ ਸਮੇਂ ਪੈਦਾ ਹੋਇਆ ਜਦੋਂ ਆਮ ਆਦਮੀ ਪਾਰਟੀ ਨੇ ਤਤਕਾਲੀ ਮੇਅਰ ਬਲਜੀਤ ਸਿੰਘ ਨੂੰ ਗੰਭੀਰ ਇਲਜ਼ਾਮਾਂ ਦੇ ਚਲਦੇ ਪਾਰਟੀ ਤੋਂ ਬਾਹਰ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਮੇਅਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਅਸਤੀਫੇ ਮਗਰੋਂ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ ਨੂੰ ਕਾਰਜਕਾਰੀ ਮੇਅਰ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਅੱਜ ਦੁਪਹਿਰ 2 ਵਜੇ ਹੋਵੇਗੀ ਵੋਟਿੰਗ
ਮੇਅਰ ਦੀ ਚੋਣ ਅੱਜ ਦੁਪਹਿਰ 2 ਵਜੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਕਰਵਾਈ ਜਾਵੇਗੀ। ਚੋਣ ਲਈ ਸਾਰੇ ਕੌਂਸਲਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਸੁਰੱਖਿਆ ਅਤੇ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।
ਆਮ ਆਦਮੀ ਪਾਰਟੀ ਦੀ ਜਿੱਤ ਲਗਭਗ ਤੈਅ
ਮੌਜੂਦਾ ਗਿਣਤੀ ਦੇ ਅਧਾਰ ’ਤੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦਾ ਮੇਅਰ ਬਣਨਾ ਲਗਭਗ ਨਿਸ਼ਚਿਤ ਮੰਨਿਆ ਜਾ ਰਿਹਾ ਹੈ। ਇਸੀ ਕੜੀ ਤਹਿਤ ਵਿਧਾਇਕ ਅਮਨਦੀਪ ਕੌਰ ਅਰੋੜਾ ਵੱਲੋਂ ਸਾਰੇ ਕੌਂਸਲਰਾਂ ਦੀ ਮੀਟਿੰਗ ਆਪਣੇ ਨਿਵਾਸ ’ਤੇ ਬੁਲਾਈ ਗਈ ਹੈ। ਮੇਅਰ ਅਹੁਦੇ ਲਈ ‘ਆਪ’ ਵੱਲੋਂ ਪ੍ਰਵੀਨ ਕੁਮਾਰ ਪੀਨਾ ਨੂੰ ਹੀ ਉਮੀਦਵਾਰ ਬਣਾਉਣ ਦੀ ਪੂਰੀ ਤਿਆਰੀ ਹੈ।
ਮੋਗਾ ਨਿਗਮ ਦੀ ਪਿਛਲੀ ਸਿਆਸੀ ਤਸਵੀਰ
ਸਾਲ 2021 ਵਿੱਚ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਕਾਂਗਰਸ ਨੂੰ ਬਹੁਮਤ ਪ੍ਰਾਪਤ ਹੋਇਆ ਸੀ। ਬਾਅਦ ਵਿੱਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਿਆਸੀ ਸਮੀਕਰਨ ਬਦਲੇ ਅਤੇ ਆਮ ਆਦਮੀ ਪਾਰਟੀ ਨੇ ਕਾਂਗਰਸ ਦੀ ਮੇਅਰ ਨਿਤਿਕਾ ਭੱਲਾ ਨੂੰ ਹਟਾ ਕੇ ਬਲਜੀਤ ਸਿੰਘ ਚਾਨੀ ਨੂੰ ਮੋਗਾ ਦਾ ਪਹਿਲਾ ‘ਆਪ’ ਮੇਅਰ ਬਣਾਇਆ ਸੀ। ਉਸ ਸਮੇਂ ਉਨ੍ਹਾਂ ਨੂੰ 51 ਵਿੱਚੋਂ 42 ਵੋਟਾਂ ਮਿਲੀਆਂ ਸਨ।
27 ਨਵੰਬਰ 2025 ਨੂੰ ਹੋਈ ਸੀ ਪਾਰਟੀ ਕਾਰਵਾਈ
ਆਮ ਆਦਮੀ ਪਾਰਟੀ ਨੇ 27 ਨਵੰਬਰ 2025 ਨੂੰ ਬਲਜੀਤ ਸਿੰਘ ਚਾਨੀ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮੋਗਾ ਨਿਗਮ ਵਿੱਚ ਮੇਅਰ ਅਹੁਦਾ ਖਾਲੀ ਹੋ ਗਿਆ ਅਤੇ ਲਗਭਗ ਦੋ ਮਹੀਨੇ ਤੱਕ ਸਿਆਸੀ ਅਣਸ਼ਚਿਤਤਾ ਬਣੀ ਰਹੀ। ਹੁਣ ਅੱਜ ਹੋਣ ਵਾਲੀ ਚੋਣ ਨਾਲ ਇਹ ਅਧਿਆਇ ਖਤਮ ਹੋਣ ਦੀ ਉਮੀਦ ਹੈ।

