ਰਾਜ ਸਭਾ ‘ਚ ਮਾਮਲਾ ਚੁੱਕਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਮਨੋਹਰ ਲਾਲ ਖੱਟਰ ਨੂੰ ਦੱਸਿਆ ਵਿਕਲਪ—ਐਮ.ਆਰ.ਟੀ.ਐਸ., ਅੰਡਰਗਰਾਊਂਡ ਟਨਲ ਅਤੇ ਬਹੁ-ਪੱਧਰੀ ਪਾਰਕਿੰਗ ਜ਼ਰੂਰੀ
ਸਮਾਰਟ ਸਿਟੀ ਮਿਸ਼ਨ ‘ਚ ਮੋਹਾਲੀ-ਪਟਿਆਲਾ ਨੂੰ ਵੀ ਸ਼ਾਮਲ ਕਰਨ ਦੀ ਮੰਗ, ਚੁਣੇ ਤਿੰਨ ਸ਼ਹਿਰਾਂ ਦੀ ਹਾਲਤ ‘ਤੇ ਵੀ ਉਠਾਏ ਸਵਾਲ
ਅੰਮ੍ਰਿਤਸਰ:- ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਵਧ ਰਹੀ ਭੀੜ ਅਤੇ ਅਵਿਵਸਥਤ ਆਵਾਜਾਈ ਉੱਤੇ ਗੰਭੀਰ ਚਿੰਤਾ ਜਤਾਉਂਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਮਨੋਹਰ ਲਾਲ ਖੱਟਰ ਨੂੰ ਤੁਰੰਤ ਹਸਤਕਸ਼ੇਪ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਰ ਰੋਜ਼ ਲੱਖਾਂ ਸ਼ਰਧਾਲੂਆਂ ਦੀ ਹਾਜ਼ਰੀ ਨੂੰ ਦੇਖਦਿਆਂ ਇਲਾਕੇ ਨੂੰ ਆਧੁਨਿਕ ਅਤੇ ਨਵੀਂ ਆਵਾਜਾਈ ਪ੍ਰਣਾਲੀ ਦੀ ਲੋੜ ਹੈ, ਤਾਂ ਜੋ ਸਹੂਲਤਾਂ, ਸੁਰੱਖਿਆ ਅਤੇ ਵਿਰਾਸਤਕ ਸਾਂਝ ਸੰਭਾਲੀ ਜਾ ਸਕੇ।
ਰਾਜ ਸਭਾ ਵਿੱਚ ਪੰਜਾਬ ਵਿੱਚ ਸਮਾਰਟ ਸਿਟੀ ਮਿਸ਼ਨ ਦੀ ਪ੍ਰਗਤੀ ਸਬੰਧੀ ਪੁੱਛੇ ਸਵਾਲ ਦੇ ਲਿਖਤੀ ਜਵਾਬ ਵਿੱਚ ਕੇਂਦਰੀ ਰਾਜ ਮੰਤਰੀ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਤਿੰਨ ਸ਼ਹਿਰ—ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ—ਇਸ ਯੋਜਨਾ ਹੇਠ ਚੁਣੇ ਗਏ ਹਨ। ਇਸ ਉੱਤੇ ਡਾ. ਸਾਹਨੀ ਨੇ ਮੰਗ ਕੀਤੀ ਕਿ ਮੋਹਾਲੀ ਅਤੇ ਪਟਿਆਲਾ ਵਰਗੇ ਮਹੱਤਵਪੂਰਨ ਸ਼ਹਿਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ।
“ਸਮਾਰਟ ਸਿਟੀ” ਸਿਰਫ਼ ਕਾਗਜ਼ੀ, ਜ਼ਮੀਨ ‘ਤੇ ਨਹੀਂ ਕੋਈ ਬਦਲਾਅ”
ਡਾ. ਸਾਹਨੀ ਨੇ ਤਿੱਖੇ ਸ਼ਬਦਾਂ ‘ਚ ਆਖਿਆ ਕਿ ਚੁਣੇ ਹੋਏ ਤਿੰਨ ਸ਼ਹਿਰਾਂ ਵਿੱਚ ਅਜੇ ਤਕ “ਸਮਾਰਟ” ਹੋਣ ਵਾਲੀ ਕੋਈ ਗੱਲ ਨਜ਼ਰ ਨਹੀਂ ਆਉਂਦੀ।
ਉਨ੍ਹਾਂ ਅੰਮ੍ਰਿਤਸਰ ਦੀ ਗੰਭੀਰ ਸਥਿਤੀ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਇੱਥੇ ਆਵਾਜਾਈ ਦਾ ਹਾਲ ਬੇਹੱਦ ਖ਼ਰਾਬ ਹੈ। ਨ ਗੱਡੀਆਂ ਰੁਕਦੀਆਂ ਹਨ, ਨ ਲੋਕ ਆਸਾਨੀ ਨਾਲ ਚਲ ਸਕਦੇ ਹਨ। ਇਹ ਨਾ ਸਿਰਫ਼ ਵਿਰਾਸਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਸਗੋਂ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਵੀ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਹਾਲਾਤਾਂ ਨੂੰ ਸੰਭਾਲਣ ਲਈ ਤੁਰੰਤ ਮਾਸ ਰੈਪਿਡ ਟ੍ਰਾਂਸਪੋਰਟ ਸਿਸਟਮ (ਐਮ.ਆਰ.ਟੀ.ਐਸ.), ਇਲੈਕਟ੍ਰਿਕ ਵਾਹਨਾਂ ਲਈ ਅੰਡਰਗਰਾਊਂਡ ਟਨਲ, ਅਤੇ ਸ਼ਹਿਰ ਦੇ ਮੁੱਖ ਦਾਖਲੀ ਦਰਵਾਜ਼ਿਆਂ ਨੇੜੇ ਬਹੁ-ਮੰਜ਼ਿਲਾ ਪਾਰਕਿੰਗ ਢਾਂਚੇ ਬਣਾਉਣੇ ਜ਼ਰੂਰੀ ਹਨ। ਇਨ੍ਹਾਂ ਵਿਕਲਪਾਂ ‘ਚੋਂ ਕੋਈ ਵੀ ਇਕ ਪ੍ਰੋਜੈਕਟ ਸ਼ੁਰੂ ਹੋ ਜਾਵੇ, ਤਾਂ ਇਹ ਕੇਵਲ ਅੰਮ੍ਰਿਤਸਰ ਲਈ ਨਹੀਂ, ਸਗੋਂ ਦੇਸ਼ ਲਈ ਵੀ ਇੱਕ ਮਾਡਲ ਬਣ ਸਕਦਾ ਹੈ।
“ਸਾਡੀ ਰਾਸ਼ਟਰੀ ਜ਼ਿੰਮੇਵਾਰੀ ਹੈ ਸ੍ਰੀ ਦਰਬਾਰ ਸਾਹਿਬ ਦੇ ਸ਼ਰਧਾਲੂਆਂ ਦੀ ਸਹੂਲਤ ਯਕੀਨੀ ਬਣਾਉਣਾ”
ਡਾ. ਸਾਹਨੀ ਨੇ ਅਖੀਰ ‘ਚ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦਾ ਆਤਮਿਕ ਕੇਂਦਰ ਹੈ। ਹਰ ਰੋਜ਼ ਲਗਭਗ 1.5 ਲੱਖ ਤੋਂ ਵੱਧ ਲੋਕ ਇੱਥੇ ਨਤਮਸਤਕ ਹੋਣ ਆਉਂਦੇ ਹਨ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਕਿ ਇਨ੍ਹਾਂ ਦੀ ਆਵਾਜਾਈ, ਆਰਾਮ ਅਤੇ ਸੁਰੱਖਿਆ ਨੂੰ ਪ੍ਰਥਮ ਤਰਜੀਹ ਦਿੱਤੀ ਜਾਵੇ।
ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅੰਮ੍ਰਿਤਸਰ ਲਈ ਵਿਸ਼ੇਸ਼ ਆਵਾਜਾਈ ਪ੍ਰੋਜੈਕਟਾਂ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿਚ ਅੰਮ੍ਰਿਤਸਰ ਦੀ ਵਿਰਾਸਤ, ਯਾਤਰਾ ਅਤੇ ਸਥਾਨਕ ਜੀਵਨ-ਮਾਨਕ ਨੂੰ ਇਕ ਨਵੇਂ ਦਰਜੇ ‘ਤੇ ਲਿਜਾਇਆ ਜਾ ਸਕੇ।