ਚੰਡੀਗੜ੍ਹ :- ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਛੇੜਛਾੜ ਅਤੇ ਹਿੰਸਾ ਨਾਲ ਸੰਬੰਧਤ 2013 ਦੇ ਮਾਮਲੇ ਵਿੱਚ ਉਨ੍ਹਾਂ ਵਿਰੁੱਧ ਸੁਣਾਈ ਗਈ ਸਜ਼ਾ ’ਤੇ ਰੋਕ ਲਗਾਉਣ ਦੀ ਬੇਨਤੀ ਨੂੰ ਖਾਰਜ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਹੁਣ ਲਾਲਪੁਰਾ ਦੀ ਕਾਨੂੰਨੀ ਪੇਚੀਦਗੀ ਹੋਰ ਵੀ ਗਹਿਰੀ ਹੋ ਗਈ ਹੈ।
2013 ਦੇ ਉਸਮਾਨ ਮਾਮਲੇ ਦਾ ਪੁਰਾਣਾ ਪਸਮੰਜ਼ਰ
ਇਸ ਮਾਮਲੇ ਦੀ ਸ਼ੁਰੂਆਤ 3 ਮਾਰਚ 2013 ਨੂੰ ਹੋਈ ਸੀ, ਜਦੋਂ ਪਿੰਡ ਉਸਮਾਨ ਦੀ ਇੱਕ ਔਰਤ ਆਪਣੇ ਪਰਿਵਾਰ ਸਮੇਤ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਪੰਜਾਬ ਇੰਟਰਨੈਸ਼ਨਲ ਪੈਲੇਸ ਪਹੁੰਚੀ। ਸਮਾਰੋਹ ਦੌਰਾਨ ਉੱਥੇ ਤੈਨਾਤ ਕੁਝ ਟੈਕਸੀ ਡਰਾਈਵਰਾਂ ਵੱਲੋਂ ਉਸ ਨਾਲ ਛੇੜਛਾੜ ਕਰਨ ਦਾ ਦੋਸ਼ ਹੈ। ਵਿਰੋਧ ਕਰਨ ’ਤੇ ਇਹ ਬਹਿਸ ਹਿੰਸਕ ਬਣ ਗਈ ਅਤੇ ਪਰਿਵਾਰਕ ਮੈਂਬਰਾਂ ’ਤੇ ਵੀ ਹਮਲਾ ਕੀਤਾ ਗਿਆ।
ਗੱਲ ਹੋਰ ਗੰਭੀਰ ਉਸ ਵੇਲੇ ਹੋ ਗਈ ਜਦੋਂ ਮੌਕੇ ’ਤੇ ਪਹੁੰਚੀ ਪੁਲਿਸ ਨੇ ਵੀ ਝਗੜੇ ਦੌਰਾਨ ਪਰਿਵਾਰ ਨਾਲ ਰੁੱਖਾ ਵਤੀਰਾ ਅਪਣਾਇਆ ਅਤੇ ਸੜਕ ’ਚ ਹੀ ਧੱਕਾਮੁੱਕੀ ਹੋਈ।
ਵਿਧਾਇਕ ਬਣਨ ਤੋਂ ਬਾਅਦ ਵੀ ਲਟਕਦਾ ਰਿਹਾ ਕੇਸ
ਮਨਜਿੰਦਰ ਸਿੰਘ ਲਾਲਪੁਰਾ, ਜੋ ਉਸ ਵੇਲੇ ਟੈਕਸੀ ਡਰਾਈਵਰਾਂ ਵਿੱਚ ਸ਼ਾਮਲ ਦੱਸੇ ਜਾਂਦੇ ਹਨ, 2022 ਵਿੱਚ ਖਡੂਰ ਸਾਹਿਬ ਹਲਕੇ ਤੋਂ ‘ਆਪ’ ਦੇ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ। ਪਰ 2023 ਵਿੱਚ ਤਰਨਤਾਰਨ ਸੈਸ਼ਨ ਅਦਾਲਤ ਨੇ ਉਨ੍ਹਾਂ ਨੂੰ ਮਾਮਲੇ ਵਿੱਚ ਦੋਸ਼ੀ ਕਹਿੰਦੇ ਹੋਏ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ।
ਵਿਧਾਇਕ ਨੇ ਇਸ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ, ਪਰ ਹੁਣ ਹਾਈਕੋਰਟ ਵੱਲੋਂ ਉਨ੍ਹਾਂ ਦੀ ਅਰਜ਼ੀ ਰੱਦ ਕੀਤੇ ਜਾਣ ਨਾਲ ਸਜ਼ਾ ਦਾ ਫ਼ੈਸਲਾ ਬਰਕਰਾਰ ਰਿਹਾ ਹੈ।

